ਚੰਡੀਗੜ੍ਹ, 11 ਅਪਰੈਲ
ਰਾਖਵਾਂਕਰਨ ਦੇ ਵਿਰੋਧੀਆਂ ਦਾ ‘ਭਾਰਤ ਬੰਦ’ ਅੱਜ ਪੰਜਾਬ ਭਰ ਵਿੱਚ ਦੋ-ਤਿੰਨ ਥਾਵਾਂ ’ਤੇ ਛੋਟੀਆਂ-ਮੋਟੀਆਂ ਝੜਪਾਂ ਨੂੰ ਛੱਡ ਕੇ ਪੁਰਅਮਨ ਢੰਗ ਨਾਲ ਨਿਬੜ ਗਿਆ। ਬੰਦ ਨੂੰ ਪੰਜਾਬ ਵਿਚ ਰਲਵਾਂ-ਮਿਲਵਾਂ ਹੁੰਗਾਰਾ ਹੀ ਮਿਲਿਆ ਹੈ। ਮਾਲਵਾ ਦੇ ਤਿੰਨ ਜ਼ਿਲ੍ਹਿਆਂ ਵਿਚ ਬੰਦ ਕੁਝ ਵੱਧ ਸੀ ਤੇ ਬਾਕੀ ਪੰਜਾਬ ਵਿਚ ਬੰਦ ਦਾ ਅਸਰ ਘੱਟ ਸੀ।
ਸਵੇਰ ਵੇਲੇ ਕਾਫੀ ਥਾਵਾਂ ’ਤੇ ਦੁਕਾਨਾਂ ਤੇ ਕਾਰੋਬਾਰ ਬੰਦ ਸਨ ਪਰ ਦਿਨੇ ਗਿਆਰਾਂ-ਬਾਰਾਂ ਵਜੇ ਤੱਕ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਬੱਸਾਂ, ਰੇਲ ਗੱਡੀਆਂ ਅਤੇ ਨਿਜੀ ਵਾਹਨਾਂ ਦੀ ਆਵਾਜਾਈ ਵੀ ਆਮ ਵਾਂਗ ਜਾਰੀ ਰਹੀ। ਫਿਰੋਜ਼ਪੁਰ ਵਿਚ ਰਾਖਵੇਂਕਰਨ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ, ਜਿਸ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਫਗਵਾੜਾ ਵਿਚ ਵੀ ਦੋਵਾਂ ਧਿਰਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ, ਜਿਸ ਨੂੰ ਸ਼ਾਂਤ ਕਰ ਲਿਆ ਗਿਆ।ਪੰਜਾਬ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ ਕੁੱਲ ਮਿਲਾ ਕੇ ਸਥਿਤੀ ਸ਼ਾਂਤ ਰਹੀ ਤੇ ਬੰਦ ਦਾ ਸੱਦਾ ਸ਼ਾਂਤਮਈ ਢੰਗ ਨਾਲ ਨਿੱਬੜ ਗਿਆ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿਚ ਪੁਲੀਸ ਨੂੰ ਲਾਠੀਚਾਰਜ ਕਰ ਕੇ ਭੀੜ ਨੂੰ ਖਦੇੜਨਾ ਪਿਆ। ਜਾਣਕਾਰੀ ਅਨੁਸਾਰ ਮਾਲਵਾ ਪੱਟੀ ਦੇ ਤਿੰਨ ਜ਼ਿਲ੍ਹਿਆਂ ਮਾਨਸਾ, ਸੰਗਰੂਰ ਅਤੇ ਬਠਿੰਡਾ ਵਿਚ ਬੰਦ ਦਾ ਅਸਰ ਕੁਝ ਵੱਧ ਸੀ ਤੇ ਬਾਕੀ ਪੰਜਾਬ ਵਿਚ ਘੱਟ। ਬੰਦ ਦੌਰਾਨ ਸੂਬੇ ਦੇ ਵਿਦਿਅਕ ਅਦਾਰੇ ਵੀ ਖੁੱਲ੍ਹੇ ਰਹੇ। ਦੁਕਾਨਦਾਰਾਂ ਨੇ ਸਵੇਰੇ ਤਾਂ ਦੁਕਾਨਾਂ ਨਹੀਂ ਖੋਲ੍ਹੀਆਂ ਸਨ, ਪਰ ਗਿਆਰਾਂ-ਬਾਰਾਂ ਵਜੇ ਖੋਲ੍ਹਣੀਆਂ ਸ਼ੁਰੂ ਕਰ ਦਿਤੀਆਂ। ਬਾਅਦ ਦੁਪਹਿਰ ਕਾਫੀ ਦੁਕਾਨਾਂ ਖੁੱਲ੍ਹ ਗਈਆਂ ਸਨ। ਇਕ-ਦੋ ਥਾਈਂ ਦੁਕਾਨਾਂ ਬੰਦ ਕਰਵਾਉਣ ਦੇ ਮਾਮਲੇ ’ਤੇ ਮਾਮੂਲੀ ਟਕਰਾਅ ਵੀ ਹੋਇਆ। ਪੰਜਾਬ ਵਿਚ ਸ਼ਿਵ ਸੈਨਾ ਨੇ ਬੰਦ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਪਰ ਪੁਲੀਸ ਨੇ ਇਸ ਦੇ ਨੇਤਾਵਾਂ ਨੂੰ ਬੰਦ ਤੋਂ ਪਹਿਲਾਂ ਹੀ ਮਨਾ ਲਿਆ ਸੀ।
ਦੇਸ਼ ਭਰ ਵਿੱਚ ਰਾਖਵਾਂਕਰਨ ਵਿਰੋਧੀ ਬੰਦ ਰਿਹਾ ਬੇਅਸਰ
ਨਵੀਂ ਦਿੱਲੀ: ਰਾਖਵਾਂਕਰਨ ਵਿਰੋਧੀਆਂ ਵੱਲੋਂ ਅੱਜ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਰਾਹੀਂ ਦਿੱਤਾ ਗਿਆ ‘ਭਾਰਤ ਬੰਦ’ ਦਾ ਸੱਦਾ ਦੇਸ਼ ਭਰ ’ਚ ਕੋਈ ਅਸਰ ਦਿਖਾਉਣ ਵਿੱਚ ਨਾਕਾਮ ਰਿਹਾ। ਉਂਜ ਪਿਛਲੇ ਹਫ਼ਤੇ ਦਲਿਤ ਤੇ ਕਬਾਇਲੀ ਭਾਈਚਾਰਿਆਂ ਦੇ ਬੰਦ ਕਾਰਨ ਚੌਕਸ ਸੁਰੱਖਿਆ ਏਜੰਸੀਆਂ ਨੇ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਦਲਿਤ ਬੰਦ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਤ ਰਹੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਥੋੜ੍ਹੀ ਦੇਰ ਲਈ ਦੁਕਾਨਾਂ ਬੰਦ ਰਹੀਆਂ। ਯੂਪੀ ਤੇ ਰਾਜਸਥਾਨ ’ਚ ਜਨਜੀਵਨ ਆਮ ਵਰਗਾ ਰਿਹਾ ਤੇ ਕੋਈ ਖ਼ਾਸ ਰੋਸ ਮੁਜ਼ਾਹਰਾ ਨਹੀਂ ਹੋਇਆ। ਨਾਜ਼ੁਕ ਥਾਵਾਂ ’ਤੇ ਇੰਟਰਨੈੱਟ ਸੇਵਾਵਾਂ ਪਹਿਲਾਂ ਹੀ ਠੱਪ ਸਨ। ਬਿਹਾਰ ਵਿੱਚ ਕੁਝ ਥਾਈਂ ਰੇਲਾਂ ਰੋਕਣ ਦੀਆਂ ਕੋਸ਼ਿਸ਼ਾਂ ਹੋਣ ਦੀ ਖ਼ਬਰ ਹੈ।