ਜੋਹਰ ਬਾਰੂ (ਮਲੇਸ਼ੀਆ), ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱੱਥੇ ਅੱਠਵੇਂ ਸੁਲਤਾਨ ਜੋਹਰ ਕੱਪ ਵਿੱਚ ਨਿਊਜ਼ੀਲੈਂਡ ਨੂੰ 7-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾਇਆ ਸੀ। ਭਾਰਤ ਲਈ ਪ੍ਰਭਜੋਤ ਸਿੰਘ ਨੇ ਛੇਵੇਂ, ਸ਼ਿਲਾਨੰਦ ਲਾਕੜਾ ਨੇ 15ਵੇਂ ਤੇ 43ਵੇਂ, ਹਰਮਨਜੀਤ ਸਿੰਘ ਨੇ 21ਵੇਂ, ਮੁਹੰਮਦ ਫਰਾਜ਼ ਨੇ 23ਵੇਂ, ਅਭਿਸ਼ੇਕ ਨੇ 50ਵੇਂ ਅਤੇ ਕਪਤਾਨ ਮਨਦੀਪ ਮੋਰ ਨੇ 60ਵੇਂ ਮਿੰਟ ਵਿੱਚ ਗੋਲ ਦਾਗ਼ੇ।
ਨਿਊਜ਼ੀਲੈਂਡ ਲਈ ਰਾਹਤ ਵਾਲਾ ਗੋਲ ਸੈਮ ਹਿਹਾ ਨੇ 53ਵੇਂ ਮਿੰਟ ਵਿੱਚ ਕੀਤਾ। ਬੀਤੇ ਸਾਲ ਦੇ ਕਾਂਸੀ ਦਾ ਤਗ਼ਮਾ ਜੇਤੂ ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ, ਜਿਸ ਵਿੱਚ ਪ੍ਰਭਜੋਤ ਨੇ ਛੇਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਦਾਗ਼ਿਆ। ਇਸ ਸਾਲ ਦੇ ਸ਼ੁਰੂ ਵਿੱਚ ਮਲੇਸ਼ੀਆ ਵਿੱਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੋਂ ਸੀਨੀਅਰ ਟੀਮ ਵਿੱਚ ਪਹਿਲੀ ਵਾਰ ਖੇਡਣ ਵਾਲਾ ਸ਼ਿਲਾਨੰਦ ਲਾਕੜਾ ਚੰਗੀ ਲੈਅ ਵਿੱਚ ਹੈ। ਉਸ ਨੇ ਚੰਗੇ ਯਤਨ ਦਾ ਫ਼ਾਇਦਾ ਉਠਾਇਆ। ਨਿਊਜ਼ੀਲੈਂਡ ਦੇ ਗੋਲਕੀਪਰ ਨੂੰ ਚਕਮਾ ਦਿੰਦਿਆਂ ਸਕੋਰ ਦੁੱਗਣਾ ਕਰ ਦਿੱਤਾ।
ਸ਼ੁਰੂਆਤੀ ਝਟਕਿਆਂ ਮਗਰੋਂ ਨਿਊਜ਼ੀਲੈਂਡ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਡਿਫੈਂਸ ਨੇ ਸਰਕਲ ਵਿੱਚ ਕਿਸੇ ਵੀ ਖਿਡਾਰੀ ਨੂੰ ਸੰਨ੍ਹ ਨਹੀਂ ਲਾਉਣ ਦਿੱਤੀ। ਭਾਰਤੀ ਗੋਲਕੀਪਰ ਪੰਕਜ ਰਜਕ ਵੀ ਚੰਗੀ ਲੈਅ ਵਿੱਚ ਹੈ, ਜਿਸ ਨੇ ਕੁੱਝ ਬਿਹਤਰੀਨ ਬਚਾਅ ਕਰਦਿਆਂ ਨਿਊਜ਼ੀਲੈਂਡ ਨੂੰ ਗੋਲ ਨਹੀਂ ਕਰਨ ਦਿੱਤਾ। ਭਾਰਤੀ ਫਾਰਵਰਡ ਨੇ ਦਬਦਬਾ ਕਾਇਮ ਰੱਖਦਿਆਂ 21ਵੇਂ ਅਤੇ 23ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਦਾਗ਼ੇ। ਪਹਿਲਾਂ ਹਰਮਨਜੀਤ ਨੇ ਸ਼ਾਨਦਾਰ ਮੈਦਾਨੀ ਗੋਲ ਕੀਤਾ, ਇਸ ਮਗਰੋਂ ਮੁਹੰਮਦ ਫਰਾਜ਼ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਦੀ ਚੁਸਤੀ ਵਿੱਚ ਥੋੜ੍ਹੀ ਘਾਟ ਦਿਸੀ, ਪਰ ਭਾਰਤੀ ਟੀਮ ਲਾਕੜਾ ਦੀ ਮਦਦ ਨਾਲ 43ਵੇਂ ਮਿੰਟ ਵਿੱਚ ਇਸ ਲੀਡ ਨੂੰ ਵਧਾਉਣ ਵਿੱਚ ਸਫਲ ਰਹੀ।
ਅਭਿਸ਼ੇਕ ਨੇ 50ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 6-0 ਅੱਗੇ ਕਰ ਦਿੱਤਾ, ਜਿਸ ਦੇ ਤਿੰਨ ਮਿੰਟ ਮਗਰੋਂ ਨਿਊਜ਼ੀਲੈਂਡ ਦੇ ਸੈਮੀ ਹਿਹਾ ਨੇ ਗੋਲ ਕੀਤਾ। ਕਪਤਾਨ ਮਨਦੀਪ ਦੇ ਪੈਨਲਟੀ ਕਾਰਨਰ ਤੋਂ ਕੀਤੇ ਗੋਲ ਨਾਲ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ। ਭਾਰਤ ਦਾ ਸਾਹਮਣਾ ਹੁਣ ਨੌਂ ਅਕਤੂਬਰ ਨੂੰ ਤੀਜੇ ਮੈਚ ਵਿੱਚ ਜਾਪਾਨ ਨਾਲ ਹੋਵੇਗਾ।