ਢਾਕਾ, 12 ਅਕਤੂਬਰ
ਖ਼ਿਤਾਬ ਦੀ ਮੁੱਖ ਦਾਅਵੇਦਾਰ ਭਾਰਤੀ ਹਾਕੀ ਟੀਮ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਇੱਥੇ ਜਾਪਾਨ ਨੂੰ 5-1 ਨਾਲ ਹਰਾ ਕੇ ਦਸਵੇਂ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ।
ਨਵੇਂ ਕੋਚ ਐਸ. ਮਾਰਿਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਭਾਰਤ ਨੇ ਇਸ ਮੈਚ ਦੇ ਹਰ ਕੁਆਰਟਰ ਵਿੱਚ ਗੋਲ ਕੀਤਾ। ਤੀਜੇ ਕੁਆਰਟਰ ਵਿੱਚ ਉਸ ਨੇ ਦੋ ਗੋਲ ਕੀਤੇ। ਜਾਪਾਨ ਕੋਲ ਉਸ ਦੇ ਹੱਲਿਆਂ ਦਾ ਕੋਈ ਜਵਾਬ ਨਹੀਂ ਸੀ। ਭਾਰਤ ਵੱਲੋਂ ਐਸ.ਵੀ. ਸੁਨੀਲ (ਤੀਜੇ ਮਿੰਟ), ਲਲਿਤ ਉਪਾਧਿਆਏ (22ਵੇਂ ਮਿੰਟ), ਰਮਨਦੀਪ ਸਿੰਘ (33ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (35ਵੇਂ ਅਤੇ 48ਵੇਂ ਮਿੰਟ) ਨੇ ਗੋਲ ਕੀਤੇ। ਜਾਪਾਨ ਵੱਲੋਂ ਇੱਕੋ-ਇੱਕ ਗੋਲ ਕੇਂਜੀ ਕਿਤਾਜਾਤੋ ਨੇ ਚੌਥੇ ਮਿੰਟ ਵਿੱਚ ਕੀਤਾ। ਵਿਸ਼ਵ ਵਿੱਚ ਛੇਵੇਂ ਨੰਬਰ ਦੀ ਟੀਮ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਸੁਨੀਲ ਨੇ ਆਕਾਸ਼ਦੀਪ ਸਿੰਘ ਦੀ ਮਦਦ ਨਾਲ ਤੀਜੇ ਮਿੰਟ ਵਿੱਚ ਹੀ ਪਹਿਲਾ ਗੋਲ ਕੀਤਾ। ਇਸ ਤੋਂ ਇੱਕ ਮਿੰਟ ਬਾਅਦ ਕਿਤਾਜਾਤੋ ਨੇ ਬਰਾਬਰੀ ਦਾ ਗੋਲ ਕੀਤਾ।
ਭਾਰਤ ਨੇ ਮੈਚ ਵਿੱਚ ਦਬਦਬਾ ਕਾਇਮ ਰੱਖਿਆ ਅਤੇ ਉਸ ਨੇ ਜਾਪਾਨ ਦੀ ਹਰ ਕਮਜ਼ੋਰੀ ਦਾ ਪੂੁਰਾ ਲਾਹਾ ਲਿਆ। ਭਾਰਤ ਨੂੰ ਕੁੱਲ ਚਾਰ ਪੈਨਲਟੀ ਕਾਰਨਰ ਮਿਲੇ। ਸਭ ਤੋਂ ਪਹਿਲਾ ਪੈਨਲਟੀ ਕਾਰਨ ਭਾਰਤ ਨੂੰ 21ਵੇਂ ਮਿੰਟ ਵਿੱਚ ਮਿਲਿਆ ਪਰ ਹਰਮਨਪ੍ਰੀਤ ਉਸ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕਿਆ। ਲਲਿਤ ਹਾਲਾਂਕਿ ਪੂਰੀ ਬਾਜ਼ ਅੱਖ ਗੱਡ ਕੇ ਖੜ੍ਹਾ ਸੀ ਤੇ ਉਸ ਨੇ ਗੇਂਦ ਨੂੰ ਚੰਗੀ ਤਰ੍ਹਾਂ ਸੰਭਾਲਦਿਆਂ ਰਿਵਰਸ ਸ਼ਾਟ ਨਾਲ ਗੋਲ ਕੀਤਾ। ਤੀਜੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਭਾਰਤ ਨੇ ਆਪਣੀ ਲੀਡ ਮਜ਼ਬੂਤ ਕੀਤੀ ਤੇ ਉਦੋਂ ਰਮਨਦੀਪ ਨੇ ਸੁਨੀਲ ਦੇ ਪਾਸ ’ਤੇ ਸ਼ਾਨਦਾਰ ਗੋਲ ਕੀਤਾ। ਇਸ ਤੋਂ ਬਾਅਦ ਹਰਮਨਪ੍ਰੀਤ ਨੇ 40ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਇਸ ਤੋਂ ਇੱਕ ਮਿੰਟ ਬਾਅਦ ਆਕਾਸ਼ਦੀਪ ਕੋਲ ਗੋਲ ਕਰਨ ਦਾ ਸੌਖਾ ਮੌਕਾ ਸੀ ਪਰ ਉਸ ਦਾ ਸ਼ਾਟ ਸਿੱਧਾ ਜਾਪਾਨੀ ਗੋਲ ਕੀਪਰ ਦੇ ਪੈਡ ’ਤੇ ਵੱਜਿਆ। ਹਰਮਨਪ੍ਰੀਤ ਨੇ ਹਾਲਾਂਕਿ ਚੌਥੇ ਕੁਆਰਟਰ ਵਿੱਚ ਤੀਜੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਸਕੋਰ 5-1 ਕਰ ਦਿੱਤਾ। ਭਾਰਤ ਨੂੰ ਇਸ ਤੋਂ ਬਾਅਦ ਵੀ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ।ਭਾਰਤ ਦਾ ਪੂਲ ਏ ਵਿੱਚ ਅਗਲਾ ਮੈਚ ਸ਼ੁੱਕਰਵਾਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ।