ਅੰਮ੍ਰਿਤਸਰ 6 ਫਰਵਰੀ 2019: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਆਪਣੇ ਵਿਰੋਧੀਆਂ ਨੂੰ ਦਿਨ-ਬ-ਦਿਨ ਝੱਟਕੇ ਤੇ ਝੱਟਕਾ ਦਿੱਤਾ ਜਾ ਰਿਹਾ ਹੈ। ਕਹਿੰਦੇ ਹਨ ਕਿ ਜਿੰਨਾ ਵਿੱਚ ਕਲੇ ਚੱਲਣ ਦੇ ਹੋਂਸਲੇ ਹੁੰਦੇ ਹਨ ਇੱਕ ਦਿਨ ਉਨ੍ਹਾਂ ਦੇ ਪਿੱਛੇ ਹੀ ਕਾਫ਼ਲੇ ਹੁੰਂਦੇ ਹਨ, ਜੀ ਹਾਂ ਇਹ ਗੱਲ ਟਕਸਾਲੀ ਨੇਤਾਵਾਂ ਤੇ ਬਿਲਕੁਲ ਸਹੀ ਢੁਕਦੀ ਹੈ ਕਿਉਂਜੋ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਟੀ ਦਾ ਗਠਨ ਕੀਤਾ ਗਿਆ ਸੀ ਉਸ ਵਕਤ ਇਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਲਫ਼ਜ਼ ਸਨ ਕਿ ਬੇਸ਼ੱਕ ਇਸ ਵਕਤ ਇਸ ਪਾਰਟੀ ਵਿੱਚ ਤਿੰਨ ਆਗੂ ਹੀ ਨਜ਼ਰ ਆ ਰਹੇ ਪਰ ਬਹੁਤ ਜਲਦ ਇਸ ਪਾਰਟੀ ਵਿੱਚ ਲੰਮੇ ਕਾਫ਼ਲਿਆਂ ਦੀ ਕਤਾਰ ਸ਼ਾਮਿਲ ਹੋਵੇਗੀ ਅਤੇ ਅੱਜ ਇਹ ਕਾਫਲਾ ਦਿਨੋ-ਦਿਨ ਲੰਮੇਰਾ ਹੁੰਦਾ ਜਾ ਰਿਹਾ ਹੈ। ਇਸ ਕਾਫ਼ਲੇ ਨੂੰ ਦੇਖਦੇ ਹੋਏ ਲੱਗ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਬਦਲ ਮਿਲ ਗਿਆ ਹੈ।

ਸਾਬਕਾ ਫੌਜ ਮੁੱਖੀ ਜਨਰਲ ਜੇ.ਜੇ ਸਿੰਘ ਅੱਜ ਪਾਰਟੀ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ‘ਚ ਪਾਰਟੀ ਦੇ ਕੈਂਪ ਦਫ਼ਤਰ ਅੰਮ੍ਰਿਤਸਰ ਵਿਖੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਿਲ ਹੋਏ।

ਜਨਰਲ ਜੇ.ਜੇ ਸਿੰਘ ਜੋ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਦੇ ਤੌਰ ਤੇ ਵੀ ਸੇਵਾ ਨਿਭਾ ਚੁੱਕੇ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਿਲ ਹੋਏ ਸਨ ਜਿਸਦੇ ਥੋੜਾ ਸਮਾਂ ਮਗਰੋਂ ਸੁਖਬੀਰ ਸਿੰਘ ਬਾਦਲ ਅਤੇ ਸਮੂਚੀ ਜੀਜਾ ਸਾਲਾ ਕੰਪਨੀ ਦੀ ਮਾੜੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ।

ਜਨਰਲ ਜੇ.ਜੇ ਸਿੰਘ ਨੇ ਕੈਪਟਨ ਸਰਕਾਰ ਤੇ ਇਹ ਵੀ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੌਰਾਨ ਪੁਲਿਸ ਤੋਂ ਫਾਇਰਿੰਗ ਕਰਵਾਉਣ ਵਾਲੇ ਬਾਦਲ ਪਰਿਵਾਰ ਤੇ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਕਿ ਬੇਹੱਦ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਮੇਰੀ ਪੰਜਾਬ ਤੋਂ ਜਿਥੋਂ ਕਿਤੋਂ ਵੀ ਸੇਵਾ ਲਗਾਈ ਜਾਵੇਗੀ ਮੈਂ ਪੰਜਾਬ ਅਤੇ ਰਾਸ਼ਟਰ ਦੇ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਨਦੇਹੀ ਨਾਲ ਨਿਭਾਵਾਂਗਾ।

ਸ੍ਰ. ਬ੍ਰਹਮਪੁਰਾ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ “ਮੈਂ ਸਾਬਕਾ ਫੌਜ ਮੁੱਖੀ ਜਨਰਲ ਜੇ.ਜੇ ਸਿੰਘ ਜੀ ਦਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕਰਦਾ ਹਾਂ ਅਤੇ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਭਾਰਤ ਦੇ ਪਹਿਲੇ ਸਾਬਕਾ ਸਿੱਖ ਫੌਜ ਮੁੱਖੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਟੀ ਵਿੱਚ ਸ਼ਾਮਿਲ ਹੋਏ ਹਨ”। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਨਰਲ ਸਿੰਘ ਦੀ ਸ਼ਮੂਲੀਅਤ ਨਾਲ ਸਾਡੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲੇਗਾ ਇਹਨਾਂ ਦੀ ਮੌਜੂਦਗੀ ਵਿੱਚ ਸਾਡੀ ਪਾਰਟੀ ਦੀ ਪੰਜਾਬ ਇਕਾਈ ਨੂੰ ਮਜ਼ਬੂਤ ਮਿਲੇਗੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਜਨਰਲ ਸਕੱਤਰ ਸ੍ਰ. ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਸ੍ਰ. ਅਮਰਪਾਲ ਸਿੰਘ ਬੋਨੀ, ਸਾਬਕਾ ਵਿਧਾਇਕ ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ, ਐਡਵੋਕੇਟ ਸ੍ਰ. ਜਗਰੂਪ ਸਿੰਘ ਸੇਖਵਾਂ, ਓਐਸਡੀ. ਸ੍ਰ. ਦਮਨਜੀਤ ਸਿੰਘ, ਯੂਥ ਆਗੂ ਸ੍ਰ. ਕਵਰ ਸੰਧੂ ਬ੍ਰਹਮਪੁਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ