ਚੰਡੀਗੜ੍ਹ, 17 ਜੂਨ: ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਝੜਪ ਵਿੱਚ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਸ਼ਹੀਦ ਹੋ ਗਏ। ਪਟਿਆਲਾ ਤੋਂ ਮਨਦੀਪ ਸਿੰਘ ਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਵੀ ਇਸ ਝੜਪ ਵਿਚ ਸ਼ਹੀਦ ਹੋ ਗਏ।
ਗੁਰਤੇਜ ਸਿੰਘ (21) ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਨ੍ਹਾ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦਾ ਹੀ ਮਾਲਕ ਹੈ। ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ ਹੈ। ਉਸ ਦਾ ਪਰਿਵਾਰ ਅਜੇ ਇਸ ਵਿਆਹ ਦੀਆਂ ਖੁਸ਼ੀਆਂ ਮਣਾ ਰਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਵਿਚ ਮਾਤਮ ਪਸਰ ਗਿਆ। ਉਸ ਨੇ ਵੀ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਅਪਲਾਈ ਕੀਤੀ ਸੀ ਪਰ ਸਰਹੱਦ ’ਤੇ ਤਣਾਅ ਕਾਰਨ ਉਸ ਦੀ ਛੁੱਟੀ ਨਾ-ਮਨਜੂਰ ਕਰ ਦਿੱਤੀ ਗਈ।
ਗੁਰਵਿੰਦਰ ਸਿੰਘ ਦੋ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।