ਸਰੀ— ਕੈਨੇਡਾ ‘ਚ ਰਹਿ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਜੈਸਮੀਨ ਰਾਏ ਨੇ ‘ਸਿਮਸਨ ਫਰਾਸਰ ਯੂਨੀਵਰਸਿਟੀ’ ਵਲੋਂ ਦਿੱਤਾ ਜਾਣ ਵਾਲਾ ਵਜੀਫਾ ਜਿੱਤਿਆ ਹੈ। ਉਸ ਦਾ ਨਾਂ ਉਨ੍ਹਾਂ 50 ਵਿਦਿਆਰਥੀਆਂ ਦੀ ਸੂਚੀ ‘ਚ ਹੈ ਜੋ ਇਸ ਵਾਰ ਜੇਤੂ ਰਹੇ ਹਨ। ‘ਸਕੁਲੀਚ ਲੀਡਰ ਸਕੋਲਰਸ਼ਿਪ’ ਹਰ ਸਾਲ ਉਨ੍ਹਾਂ ਵਿਦਿਆਰਥੀਆਂ ਨੂੰ ਵਜੀਫੇ ਦਿੰਦਾ ਹੈ ਜੋ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ‘ਚ ਵਧੀਆ ਅੰਕ ਪ੍ਰਾਪਤ ਕਰਦੇ ਹਨ। ਇਨ੍ਹਾਂ ਜੇਤੂ ਵਿਦਿਆਰਥੀਆਂ ਦੇ ਨਾਂਵਾਂ ਦੀ ਸੂਚੀ ਜੂਨ ‘ਚ ਜਾਰੀ ਕੀਤੀ ਗਈ ਸੀ ਤੇ ਹੁਣ ਵਜੀਫੇ ਦਿੱਤੇ ਗਏ ਹਨ। ਜੈਸਮੀਨ ਸਰੀ ‘ਚ ‘ਪ੍ਰਿਸਿੰਸ ਮਾਰਗਰੇਟ ਸੈਕੰਡਰੀ ਸਕੂਲ’ ‘ਚ ਪੜ੍ਹਾਈ ਕਰ ਰਹੀ ਹੈ। ਉਸ ਨੂੰ 80,000 ਡਾਲਰਾਂ ਦਾ ਵਜੀਫਾ ਲੱਗਾ ਹੈ। ਉਸ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਉਸ ਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਕਿਉਂਕਿ ਉਸ ਦੀ ਪੜ੍ਹਾਈ ਦਾ ਕਾਫੀ ਖਰਚ ਵਜੀਫੇ ‘ਚੋਂ ਹੀ ਨਿਕਲ ਜਾਵੇਗਾ। ਜੈਸਮੀਨ ਬਹੁਤ ਸਾਰੇ ਹੋਰ ਕੰਮਾਂ ‘ਚ ਵੀ ਨਾਂ ਰੌਸ਼ਨ ਕਰ ਚੁੱਕੀ  ਹੈ। ਉਹ ਗਣਿਤ, ਸਾਇੰਸ ਅਤੇ ਭਾਸ਼ਾਈ ਕਲਾ ਗਿਆਨ ‘ਚ ਕਈ ਮੁਕਾਬਲਿਆਂ ‘ਚ ਹਿੱਸਾ ਲੈ ਕੇ ਜੇਤੂ ਰਹਿ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਹੋਰਾਂ ਨੂੰ ਪੜ੍ਹਾਉਣਾ ਬਹੁਤ ਪਸੰਦ ਹੈ ਤੇ ਇਸ ਲਈ ਉਹ ਹਮੇਸ਼ਾ ਸਮਾਂ ਕੱਢਦੀ ਹੈ।