ਹੈਦਰਾਬਾਦ,  ਬੈਡਮਿੰਟਨ ਟੀਮ ਦੇ ਮੁੱਖ ਕੋਚ ਪੀ ਗੋਪੀਚੰਦ ਨੇ ਕਿਹਾ ਕਿ ਟੀਮ ਹੁਣ ਇੱਕ ਜਾਂ ਦੋ ਖਿਡਾਰੀਆਂ ’ਤੇ ਨਿਰਭਰ ਨਹੀਂ ਹੈ। ਭਾਰਤੀ ਟੀਮ ਨੇ ਆਸਟਰੇਲੀਆ ਵਿੱਚ ਖ਼ਤਮ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਟੀਮ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਬੈਡਮਿੰਟਨ ਵਿੱਚ ਪੰਜ ਹੋਰ ਤਗ਼ਮੇ ਜਿੱਤੇ। ਖਿਡਾਰੀਆਂ ਦੇ ਸਨਮਾਨ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਗੋਪੀਚੰਦ ਨੇ ਕਿਹਾ ਕਿ ਬੈਡਮਿੰਟਨ ਟੀਮ ਹੁਣ ਤਕ ਇੱਕ ਜਾਂ ਦੋ ਖਿਡਾਰੀਆਂ ’ਤੇ ਨਿਰਭਰ ਹੁੰਦੀ ਸੀ, ਪਰ ਅੱਜ ਹਾਲਤ ਵੱਖਰੀ ਹੈ। ਅੱਜ ਟੀਮ ਦਾ ਹਰ ਮੈਂਬਰ ਯੋਗਦਾਨ ਪਾ ਰਿਹਾ ਹੈ। ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਵਿਚਾਲੇ ਹੋਏ ਮਹਿਲਾ ਸਿੰਗਲਜ਼ ਫਾਈਨਲ ਦੇ ਮਾਮਲੇ ਵਿੱਚ ਗੋਪੀਚੰਦ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਮੰਡਲ ਖੇਡਾਂ ਜਿਹੇ ਟੂਰਨਾਮੈਂਟ ਦਾ ਫਾਈਨਲ ਦੋ ਭਾਰਤੀਆਂ ਵਿਚਾਲੇ ਹੋਇਆ। ਮਹਿਲਾ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਕਿਹਾ ਕਿ ਉਸ ਲਈ ਟੀਮ ਚੈਂਪੀਅਨਸ਼ਿਪ ਜਿੱਤਣਾ ਵੱਧ ਸੰਤੁਸ਼ਟੀਜਨਕ ਰਿਹਾ। ਪੀਵੀ ਸਿੰਧੂ ਨੇ ਕਿਹਾ ਕਿ ਇਸ ਵਾਰ ਉਹ ਚਾਂਦੀ ਦਾ ਤਗ਼ਮਾ ਜਿੱਤ ਕੇ ਖ਼ੁਸ਼ ਹੈ, ਪਰ ਉਹ ਅਗਲੀ ਵਾਰ ਬਿਹਤਰ ਤਗ਼ਮਾ ਜਿੱਤੇਗੀ।