ਨੂਰਪੁਰ ਬੇਦੀ, 12 ਅਕਤੂਬਰ
ਵਿਸ਼ਵ ਹੈਵੀਵੇਟ ਚੈਂਪੀਅਨ ਖਲੀ ਉਰਫ਼ ਦਿਲੀਪ ਸਿੰਘ ਦੀ ਦੇਖ-ਰੇਖ ਵਿੱਚ ਸੀ.ਡਬਲਿਊ.ਈ. ਅਕੈਡਮੀ, ਜਲੰਧਰ ਵੱਲੋਂ ਕਰਵਾਈ ਗਈ ‘ਟੈਗ ਟੀਮ ਚੈਂਪੀਅਨਸ਼ਿਪ’ (ਕੁਸ਼ਤੀ ਚੈਂਪੀਅਨਸ਼ਿਪ) ਭਾਰਤੀ ਖਿਡਾਰੀਆਂ ਦੀ ਜੋੜੀ ਨੇ ਪਾਕਿਸਤਾਨ ਦੀ ਚੈਂਪੀਅਨ ਜੋੜੀ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਖਿਡਾਰੀਆਂ ਦੀ ਜੋੜੀ ਬੀਤੇ 4 ਮਹੀਨਿਆਂ ਤੋਂ ਉਕਤ ਚੈਂਪੀਅਨਸ਼ਿਪ ’ਤੇ ਕਾਬਜ਼ ਸੀ ਤੇ ਉਨ੍ਹਾਂ ਵੱਲੋਂ ਦਿੱਤੀ ਖੁੱਲ੍ਹੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਰਿੰਗ ’ਚ ਉਤਰੀ ਨੂਰਪੁਰ ਬੇਦੀ ਬਲਾਕ ਦੇ ਪਿੰਡ ਚਨੌਲੀ ਦੇ ਨੌਜਵਾਨ ਬਲਜੀਤ ਸਿੰਘ ਪੁੱਤਰ ਸੰਤ ਸਿੰਘ ਤੇ ਫਿਰੋਜ਼ਪੁਰ ਦੇ ਨੌਜਵਾਨ ਸਿੰਘ ਜੋਸ਼ਨ ਦੀ ਭਾਰਤੀ ਜੋੜੀ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਇਹ ਮੁਕਾਬਲਾ ਭਾਰਤ ਦੀ ਝੋਲੀ ’ਚ ਪਾਇਆ। ਇੱਥੇ ਪੁੱਜੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ‘ਪੰਜਾਬ ਐਕਸਪ੍ਰੈੱਸ’ ਵੱਲੋਂ ਖੇਡੇ ਤੇ ਉਕਤ ਮੁਕਾਬਲਾ 21 ਮਿੰਟ ਤੇ 47 ਸਕਿੰਟ ਵਿੱਚ ਜਿੱਤਿਆ। ਅੱਜ ਪਿੰਡ ਪੁੱਜਣ ’ਤੇ ਇਲਾਕਾ ਵਾਸੀਆਂ ਨੇ ਚੈਂਪੀਅਨ ਬਲਜੀਤ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ।