ਕਾਕਾਮਿਗਹਰਾ, 6 ਨਵੰਬਰ
ਗੋਲਕੀਪਰ ਸਵਿਤਾ ਪੂਨੀਆ ਵੱਲੋਂ ਸ਼ੂਟਆਊਟ ਦੇ ਤਣਾਅਪੂਰਨ ਪਲਾਂ ਦੌਰਾਨ ਕੀਤੇ ਸ਼ਾਨਦਾਰ ਬਚਾਅ ਦੀ ਬਦੌਲਤ ਭਾਰਤੀ ਦੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਏਸ਼ੀਆ ਕੱਪ ਦੇ ਰੋਮਾਂਚਕ ਫਾਈਨਲ ਵਿੱਚ ਚੀਨ ਨੂੰ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ 13 ਸਾਲਾਂ ਦੇ ਵਕਫ਼ੇ ਮਗਰੋਂ ਏਸ਼ੀਆ ਕੱਪ ਜਿੱਤਿਆ ਹੈ। ਭਾਰਤੀ ਕਪਤਾਨ ਰਾਣੀ ਨੇ ਜੇਤੂ ਗੋਲ ਦਾਗਿਆ ਜਦਕਿ ਇਸ ਤੋਂ ਬਾਅਦ ਸਵਿਤਾ ਨੇ ਗੋਲ ਪੋਸਟ ਅੱਗੇ ਚੱਟਾਨ ਵਾਂਗੂ ਤਣਦਿਆਂ ਵਿਰੋਧੀ ਹੱਲੇ ਨੂੰ ਬੇਕਾਰ ਕੀਤਾ। ਪੈਨਲਟੀ ਸ਼ੂਟਆਊਟ ਰਾਹੀਂ ਭਾਰਤ ਨੇ ਇਹ ਮੈਚ 5-4 ਦੇ ਫ਼ਰਕ ਨਾਲ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਪਿਛਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਿਹਾ ਸੀ ਤੇ 2010 ਵਿੱਚ ਨੌਵੇਂ ਸਥਾਨ ’ਤੇ ਰਿਹਾ ਸੀ। ਭਾਰਤ ਨੇ 25ਵੇਂ ਮਿੰਟ ’ਚ ਨਵਜੋਤ ਕੌਰ ਦੇ ਗੋਲ ਨਾਲ ਲੀਡ ਬਣਾਈ ਪਰ ਚੀਨੀ ਖਿਡਾਰਨ ਤਿਆਨਤਿਆਨ ਵੱਲੋਂ 47ਵੇਂ ਮਿੰਟ ’ਚ ਦਾਗੇ ਗੋਲ ਨੇ ਫ਼ਰਕ ਬਰਾਬਰ ਕਰ ਦਿੱਤਾ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ। ਪੈਨਲਟੀ ਸ਼ੂਟਆਊਟ ਵਿੱਚ ਰਾਣੀ ਦੋ ਗੋਲ ਕਰਨ ਵਿੱਚ ਕਾਮਯਾਬ ਰਹੀ। ਇਸ ਤੋਂ ਇਲਾਵਾ ਸ਼ੂਟਆਊਟ ਵਿੱਚ ਮੋਨਿਕਾ, ਲਿਲਿਮਾ ਮਿੰਜ ਤੇ ਨਵਜੋਤ ਨੇ ਗੋਲ ਕੀਤੇ। ਸਵਿਤਾ ਨੂੰ ਟੂਰਨਾਮੈਂਟ ਦੀ ਸਰਵੋਤਮ ਗੋਲਕੀਪਰ ਚੁਣਿਆ ਗਿਆ। ਪਹਿਲੇ ਕੁਆਰਟਰ ਵਿੱਚ ਇਕ ਵੀ ਗੋਲ ਨਹੀਂ ਹੋਇਆ ਪਰ ਭਾਰਤ ਨੇ ਦੂਜੇ ਹੀ ਮਿੰਟ ’ਚ ਪੂਰੀ ਰਫ਼ਤਾਰ ਫੜਦਿਆਂ ਚੀਨ ’ਤੇ ਦਬਾਅ ਬਣਾਇਆ। ਚੀਨ ਨੇ 47ਵੇਂ ਮਿੰਟ ਵਿੱਚ ਵੀਡੀਓ ਰੈਫ਼ਰਲ ਜ਼ਰੀਏ ਪੈਨਲਟੀ ਕਾਰਨਰ ਹਾਸਲ ਕਰਕੇ ਪਹਿਲਾ ਗੋਲ ਕੀਤਾ। ਮੈਚ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਚੀਨ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਸੁਨੀਤਾ ਲਾਕੜਾ ਨੇ ਖ਼ੂਬਸੂਰਤ ਤਰੀਕੇ ਨਾਲ ਬਚਾਅ ਕੀਤਾ। ਏਸ਼ੀਆ ਕੱਪ ਦੇ ਹੋਰਨਾਂ ਮੈਚਾਂ ਵਿੱਚ ਦੱਖਣੀ ਕੋਰੀਆ ਨੇ ਜਪਾਨ ਨੂੰ ਹਰਾ ਕੇ ਤੀਜਾ ਤੇ ਮਲੇਸ਼ੀਆ ਨੇ ਥਾਈਲੈਂਡ ਨੂੰ ਹਰਾ ਕੇ ਪੰਜਵਾ ਸਥਾਨ ਮੱਲ੍ਹਿਆ ਹੈ।