ਹੁਸ਼ਿਆਰਪੁਰ, 11 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਉਦੇਸ਼ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਉਨ੍ਹਾਂ ਕਿਹਾ ਕਿ ਪੈਸੇ ਪੱਖੋਂ ਬੇਸ਼ੱਕ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਾ ਮੁਸ਼ਕਿਲ ਹੈ, ਪਰ ਜਨ ਸੰਘਰਸ਼ਾਂ ਨੂੰ ਮਜ਼ਬੂਤ ਕਰ ਕੇ ਇਸ ਪਾਰਟੀ ਨੂੰ ਕਮਜ਼ੋਰ ਕੀਤਾ ਜਾਵੇਗਾ।
ਮਾਹਿਲਪੁਰ ਵਿੱਚ ਪਾਰਟੀ ਦੀ ਦੋ ਰੋਜ਼ਾ ਕਾਨਫਰੰਸ ਵਿੱਚ ਹਿੱਸਾ ਲੈਣ ਪੁੱਜੇ ਸ੍ਰੀ ਯੇਚੁਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਮਿਊਨਿਸਟ ਪਾਰਟੀਆਂ ਨੂੰ ਭਾਵੇਂ ਬੰਗਾਲ ਅਤੇ ਤ੍ਰਿਪੁਰਾ ਵਰਗੇ ਗੜ੍ਹਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਨੀਤੀਆਂ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਹਾਂਰਾਸ਼ਟਰ ਵਿੱਚ ਭਾਜਪਾ ਨੂੰ ਅੰਦੋਲਨ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟ ਪਾਰਟੀ ਜਨ ਅੰਦੋਲਨ ਦੀ ਸ਼ਕਤੀ ਨਾਲ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਪਰਿਵਰਤਨ ਲਿਆਉਣ ਲਈ ਸੰਘਰਸ਼ਸ਼ੀਲ ਹੈ। ਸ੍ਰੀ ਯੇਚੁਰੀ ਨੇ ਕਿਹਾ ਕਿ ਭਾਜਪਾ ਫਿਰਕਾਪ੍ਰਸਤੀ ਅਤੇ ਸੰਪਰਦਾਇਕਤਾ ਨੂੰ ਹੁਲਾਰਾ ਦੇ ਕੇ ਅਤੇ ਸਮਾਜ ਦਾ ਵੱਖ-ਵੱਖ ਲੀਹਾਂ ’ਤੇ ਧਰੁਵੀਕਰਨ ਕਰਕੇ ਸੱਤਾ ਹਥਿਆਉਣ ਲੱਗੀ ਹੋਈ ਹੈ, ਪਰ ਇਹ ਵਰਤਾਰਾ ਹਮੇਸ਼ਾ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਵਿੱਚ ਵੀ ਭਾਜਪਾ ਨੇ ਆਦਿਵਾਸੀਆਂ ਨੂੰ ਦੂਜੇ ਵਰਗਾਂ ਨਾਲ ਲੜਾ ਕੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਮਾਜਿਕ ਏਕਤਾ ਲਈ ਖ਼ਤਰਾ ਬਣ ਚੁੱਕੀ ਹੈ, ਜਿਸ ਇਸ ਨੂੰ ਹਰਾਉਣ ਬਾਰੇ ਚਰਚਾ ਕੀਤੀ ਜਾਵੇਗੀ। ਹੋਰ ਸਿਆਸੀ ਪਾਰਟੀਆਂ ਨਾਲ ਗੱਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਰਾਜਨੀਤੀ ਦੀ ਇਹ ਪ੍ਰੰਪਰਾ ਰਹੀ ਹੈ ਕਿ ਗੱਠਜੋੜ ਹਮੇਸ਼ਾ ਚੋਣਾਂ ਤੋਂ ਬਾਅਦ ਬਣਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸੇ ਮਹੀਨੇ ਹੈਦਾਰਾਬਾਦ ਵਿੱਚ ਹੋਣ ਵਾਲੀ ਕੌਮੀ ਕਾਂਗਰਸ ਵਿੱਚ ਗੱਠਜੋੜ ਦਾ ਮੁੱਦਾ ਉਠੇਗਾ।
ਮੌਜੂਦਾ ਚੋਣ ਪ੍ਰਣਾਲੀ ’ਤੇ  ਸਵਾਲ ਉਠਾਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਲਈ ਇਹ ਫ਼ਿਕਰ ਵਾਲੀ ਗੱਲ ਹੈ ਕਿ ਚੋਣਾਂ ਹਾਰ ਕੇ ਵੀ ਪਾਰਟੀਆਂ ਸਰਕਾਰਾਂ ਬਣਾਉਣ ਦੇ ਜੁਗਾੜ ਕਰ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਇਹ ਮੰਗ ਜ਼ਰੂਰ ਕਰਦੀ ਹੈ ਕਿ ਜੇਕਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਹੀ ਵੋਟਾਂ ਪੁਆਉਣੀਆਂ ਹਨ ਤਾਂ ਵੀ.ਵੀ ਪੈਟ ਦੀ ਵਿਵਸਥਾ ਦੇਸ਼ ਭਰ ਵਿੱਚ ਕੀਤੀ ਜਾਵੇ। ਸ੍ਰੀ ਯੇਚੁਰੀ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਗ਼ਰੀਬਾਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਰਘੂਨਾਥ ਸਿੰਘ, ਚਰਨ ਸਿੰਘ ਵਿਰਦੀ, ਗੁਰਮੇਸ਼ ਸਿੰਘ ਤੇ ਦਰਸ਼ਨ ਸਿੰਘ ਮੱਟੂ ਵੀ ਹਾਜ਼ਰ ਸਨ।