ਸ੍ਰੀ ਆਨੰਦਪੁਰ ਸਾਹਿਬ, 16 ਅਗਸਤ
ਭਾਖੜਾ ਡੈਮ ਅਤੇ ਪੌਂਗ ਡੈਮ ਦੇ ਪਾਣੀ ਦੇ ਪੱਧਰ ’ਚ ਕ੍ਰਮਵਾਰ 10-11 ਫੁੱਟ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਕ ਜਾਣਕਾਰੀ ਅਨੁਸਾਰ ਭਾਖੜਾ ਡੈਮ ਵਿੱਚ ਅਜਿਹੇ ਹਾਲਾਤ 11 ਸਾਲ ਪਹਿਲਾਂ ਜਦੋਂ ਕਿ ਪੌਂਗ ਡੈਮ ’ਚ 20 ਸਾਲ ਪਹਿਲਾਂ ਬਣੇ ਸਨ। ਬੀਤੇ ਕਈ ਦਿਨਾਂ ਤੋਂ ਹੋ ਰਹੀ ਜ਼ੋਰਦਾਰ ਬਾਰਸ਼ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤੇਜ਼ੀ ਨਾਲ ਡੈਮਾਂ ’ਚ ਪਾਣੀ ਆ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ 21 ਸਤੰਬਰ ਤੱਕ ਡੈਮਾਂ ਵਿੱਚ ਲੋੜੀਂਦਾ ਪਾਣੀ ਇਕੱਠਾ ਹੋ ਜਾਵੇਗਾ। ਬੀਬੀਐਮਬੀ ਦੇ ਅਧਿਕਾਰੀਆਂ ਅਨੁਸਾਰ ਅੱਜ ਸ਼ਾਮ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦਾ ਪਾਣੀ ਦਾ ਪੱਧਰ 1611.40 ਫੁੱਟ ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਅੱਜ ਸ਼ਾਮ ਪਾਣੀ ਦਾ ਪੱਧਰ 1350.44 ਫੁੱਟ ਸੀ। ਇਹੀ ਨਹੀਂ ਬੀਤੇ ਦਿਨ ਦੇ ਮੁਕਾਬਲੇ ਪੌਂਗ ਅੰਦਰ ਕਰੀਬ 12 ਫੁੱਟ ਦਾ ਵਾਧਾ ਦਰਜ ਕੀਤਾ ਗਿਆ ਹੈ।

ਹਿਮਾਚਲ ਵਿੱਚ ਮੀਂਹ ਨਾਲ 19 ਮੌਤਾਂ

ਸ਼ਿਮਲਾ: ਅੱਜ ਸੇਵਰੇ ਕਾਂਗੜਾ ਜ਼ਿਲ੍ਹੇ ਵਿੱਚ ਇਕ ਪੰਜ ਸਾਲਾ ਬੱਚਾ ਪਾਣੀ ਵਿੱਚ ਡੁੱਬ ਗਿਆ। ਇਸ ਮੌਤ ਨਾਲ ਬੀਤੇ ਦੋ ਦਿਨਾਂ ਵਿੱਚ ਸੂਬੇ ਵਿੱਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਸੂਬੇ ਵਿੱਚ ਅਗਲੇ ਪੰਜ ਦਿਨ ਹੋਰ ਮੀਂਹ ਪੈਣ ਦੀ ਪੇਸ਼ਨੀਗੋਈ ਕੀਤੀ ਹੈ। ਆਗਾਮੀ ਤਿੰਨ ਦਿਨ ਹਲਕੀ ਤੇ ਦਰਮਿਆਨੀ ਬਾਰਸ਼ ਹੋਵੇਗੀ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ ਪੰਜ ਦਿਨ ਭਾਰੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਚੰਬਾ, ਕਾਂਗੜਾ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਅਤੇ ਗਰਜ਼ ਨਾਲ ਛਿੱਟੇ ਪੈ ਸਕਦੇ ਹਨ।