ਨਵੀਂ ਦਿੱਲੀ, 29 ਦਸੰਬਰ
ਸੰਗਰੂਰ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਤੇ ‘ਆਪ’ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸਦਨ ’ਚ ਟੌਲ-ਪਲਾਜ਼ਿਆਂ ਰਾਹੀਂ ਨਿੱਜੀ ਕੰਪਨੀਆਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਉਠਾਇਆ ਤੇ ਲੋਕਾਂ ਨੂੰ ਰੋਜ਼ਾਨਾ ਦੀ ਇਸ ਲੁੱਟ ਤੋਂ ਬਚਾਉਣ ਦੀ ਮੰਗ ਕੀਤੀ। ਭਗਵੰਤ ਮਾਨ ਨੇ ਸਦਨ ਦਾ ਧਿਆਨ ਇਸ ਮੁੱਦੇ ਵੱਲ ਖਿੱਚਦੇ ਹੋਏ ਕਿਹਾ ਕਿ ਦੇਸ਼ ਵਿੱਚ ਸੜਕਾਂ ’ਤੇ ਹਰੇਕ 50 ਕਿਲੋਮੀਟਰ ਦੇ ਫ਼ਾਸਲੇ ’ਤੇ ਵੱਡੇ-ਵੱਡੇ ਟੌਲ ਪਲਾਜ਼ਾ ਬਣਾਏ ਗਏ ਹਨ। ਉਨ੍ਹਾਂ ਪੁੱਛਿਆ ਕਿ ਜਦੋਂ ਲੋਕ ਗੱਡੀਆਂ ਖਰੀਦਦੇ ਹਨ ਤਾਂ ਉਹ ਗੱਡੀ ਦੀ ਕੀਮਤ ਦਾ 8 ਫ਼ੀਸਦੀ ਰੋਡ ਟੈਕਸ ਦਿੰਦੇ ਹਨ, ਉਹ ਕਰ ਦੱਸਿਆ ਜਾਵੇ ਕਿ ਕਿਹੜੀਆਂ ਸੜਕਾਂ ਦਾ ਹੈ?  ਉਨ੍ਹਾਂ ਕਿਹਾ ਕਿ ਦੁਰਘਟਨਾ ਆਦਿ ਹੋਣ ਦੀ ਸੂਰਤ ਵਿੱਚ ਇਨ੍ਹਾਂ ਟੌਲ ਸੜਕਾਂ ਉੱਪਰ ਐਂਬੂਲੈਂਸ ਸਹੂਲਤ ਨਹੀਂ ਹੁੰਦੀ ਤੇ ਨੁਕਸਾਨੇ ਵਾਹਨਾਂ ਨੂੰ ਹਟਾਉਣ ਦੀ ਸਹੂਲਤ ਵੀ ਮਾਤਰ ਖ਼ਾਨਾਪੂਰਤੀ ਹੀ ਹੁੰਦੀ ਹੈ। ਜੋ ਸ਼ਰਤਾਂ ਕਰਾਰ ਵੇਲੇ ਲਾਗੂ ਕੀਤੀਆਂ ਉਹ ਪੂਰੀਆਂ ਨਹੀਂ ਹੁੰਦੀਆਂ।
ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਲੁੱਟ ਰਹੀਆਂ ਹਨ ਤੇ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਸੜਕਾਂ ਬਣਾ ਕੇ ਲੋਕਾਂ ਨੂੰ ਦੇਵੇ ਤੇ ਇਹ ਉਸ ਦੀ ਜ਼ਿੰਮੇਵਾਰੀ ਹੈ। ਸਰਕਾਰ ਜਨਤਾ ’ਤੇ ਕੋਈ ਅਹਿਸਾਨ ਨਹੀਂ ਕਰ ਰਹੀ।