-ਦੋਵੇਂ ਧੜ੍ਹਿਆਂ ਦੀ ਪਹਿਲੀ ਮੀਟਿੰਗ ‘ਚ ਨਹੀਂ ਪੁੱਜੇ ਖਹਿਰਾ
-ਖਹਿਰਾ ਧੜ੍ਹਾ ਆਪਣੀ ਜ਼ਿੱਦ ‘ਤੇ ਅੜ੍ਹਿਆ , ਮਾਨ ਨੇ ਦਿਖਾਇਆ ‘ਵੱਡਾਪਣ’
ਚੰਡੀਗੜ੍ਹ, 25 ਅਕਤੂਬਰ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਿਸ਼ਨ 2019 ਦੇ ਏਜੰਡੇ ਤਹਿਤ ਪਾਰਟੀ ਦੇ ਪੈਰ ਮੁੜ ਪੰਜਾਬ ‘ਚ ਲਾਉਣ ਲਈ ਰੁੱਸਿਆਂ ਨੂੰ ਮਨਾਉਣ ਦੀ ਰਣਨੀਤੀ ਬਣਾਈ ਹੈ। ਇਸ ਰਣਨੀਤੀ ਦੇ ਤਹਿਤ ਮੰਗਲਵਾਰ ਨੂੰ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਧੜ੍ਹਿਆਂ ਦੀਆਂ 5-5 ਮੈਂਬਰੀ ਕਮੇਟੀਆਂ ਨੇ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਖਹਿਰਾ ਨਹੀਂ ਪੁੱਜੇ ਅਤੇ ਉਨ੍ਹਾਂ ਦੀ ਜਗ੍ਹਾਂ ਖਹਿਰਾ ਗਰੁੱਪ ਵਲੋਂ ਵਿਧਾਇਕ ਕੁੰਵਰ ਸੰਧੂ ਨੇ ਅਗਵਾਈ ਕੀਤੀ। ਸੰਧੂ ਦੇ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਸੁਰੇਸ਼ ਸ਼ਰਮਾ ਪਰਮਜੀਤ ਸਚਦੇਵਾ ਹਾਜ਼ਰ ਹੋਏ। ਉਧਰ ਦੂਜੇ ਪਾਸੇ ਭਗਵੰਤ ਮਾਨ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਪੰਡੋਰੀ ਅਤੇ ਮੀਤ ਹੇਅਰ ਵਿਧਾਇਕ ਗੱਲਬਾਤ ਲਈ ਮੀਟਿੰਗ ਵਿਚ ਪਹੁੰਚੇ ਸਨ।
ਦੋਵੇਂ ਧੜ੍ਹਿਆਂ ਦੇ ਆਗੂਆਂ ਵਿਚਕਾਰ 2 ਘੰਟੇ ਬੰਦਾ ਕਮਰਾ ਮੀਟਿੰਗ ਹੋਈ। ਜਿਸ ਵਿਚ ਖਹਿਰਾ ਧੜ੍ਹਾ ਜਿੱਥੇ ਆਪਣੇ ਖੁਦਮੁਖਤਿਆਰੀ ਅਤੇ ਬਠਿੰਡਾ ਕਨਵੈਂਨਸ਼ਨ ਦੇ ਮਤਿਆਂ ਦੀਆਂ ਮੰਗਾਂ ਨੂੰ ਲੈ ਕੇ ਅੜ੍ਹਿਆ ਰਿਹਾ ਜਦੋਂ ਕਿ ਦੂਜੇ ਪਾਸੇ ਭਗਵੰਤ ਮਾਨ ਨੇ ਖਹਿਰਾ ਧੜ੍ਹਿਆਂ ਦੀਆਂ ਮੰਗਾਂ ਮੰਨਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਬੰਧੀ ਪਾਰਟੀ ਦੀ ਕੋਰ ਕਮੇਟੀ ਵਿਚ ਵਿਚਾਰ ਕੇ ਫੈਸਲਾ ਲਿਆ ਜਾਵੇਗਾ। ਮਾਨ ਨੇ ਖਹਿਰਾ ਧੜ੍ਹੇ ਦੇ ਮੈਂਬਰਾਂ ਨੂੰ ਆਪਣਾ ਗਿਲਾ ਸ਼ਿਕਵਾ ਸੁਣਾਉਂਦਿਆਂ ਕਿਹਾ ਕਿ ਮੇਰੇ ਉਤੇ ਜੋ ਪ੍ਰੈਸ ਕਾਨਫਰੰਸ ਤੇ ਕਨਵੈਂਨਸ਼ਨ ਦੌਰਾਨ ਨਿੱਜੀ ਹਮਲੇ ਕੀਤੇ ਗਏ ਉਨ੍ਹਾਂ ਕਰਕੇ ਮੇਰੇ ਦਿਲ ਨੂੰ ਡੂੰਘੀ ਠੇਸ ਪਹੁੰਚੀ ਸੀ ਪ੍ਰੰਤੂ ਫਿਰ ਵੀ ਖਹਿਰਾ ਮੇਰੇ ਵੱਡੇ ਭਰਾ ਹਨ। ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਉਨ੍ਹਾਂ ਨੂੰ ਮਨਾਉਣ ਲਈ ਵੀ ਤਿਆਰ ਹਾਂ।
ਮੀਟਿੰਗ ਵਿਚ ਭਗਵੰਤ ਮਾਨ ਨੇ ਵੱਡਾਪਣ ਦਿਖਾਉਂਦਿਆਂ ਖਹਿਰਾ ਨੂੰ ਵੱਡਾ ਭਰਾ ਦੱਸਦਿਆਂ ਕਿਹਾ ਆਪਣੇ ਦਿਲ ਦੀ ਭੜਾਸ ਕੱਢੀ। ਉਨ੍ਹਾਂ ਕਿਹਾ ਬਠਿੰਡਾ ਕਨਵੈਂਨਸ਼ਨ ‘ਚ ਅਤੇ ਕਨਵੈਂਨਸ਼ਨ ਤੋਂ ਬਾਅਦ ਖਹਿਰਾ ਵਲੋਂ ਉਨ੍ਹਾਂ ‘ਤੇ ਕੀਤੀਆਂ ਗਈਆਂ ਨਿੱਜੀ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਨਿੱਜੀ ਤੌਰ ਉਤੇ ਜਦੋਂ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਕੁੰਵਰ ਸੰਧੂ ਨੇ ਵੀ ਭਗਵੰਤ ਮਾਨ ਦੇ ਸਾਹਮਣੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਤੁਹਾਡੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਖਹਿਰਾ ਅਤੇ ਮੇਰੇ ਉਤੇ ਵੀ ਨਿੱਜੀ ਹਮਲੇ ਕੀਤੇ ਗਏ ਸਨ, ਜਿਸ ਕਾਰਨ ਦੋਵਾਂ ਵਿਚਕਾਰ ਟਕਰਾਅ ਵਧਿਆ ਸੀ। ਸੰਧੂ ਨੇ ਮਾਨ ਧੜ੍ਹੇ ਨੂੰ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਮੰਨਣ ਲਈ ਤਿਆਰ ਹੋ ਤਾਂ ਗੱਲ ਅੱਗੇ ਵੱਧ ਸਕਦੀ ਹੈ। ਕਿਉਂਕਿ ਅਸੀਂ ਪੰਜਾਬ ‘ਚ ਪਾਰਟੀ ਦੀ ਆਪਣੀ ਖੁਦਮੁਖਤਿਆਰੀ ਦੀ ਮੰਗ ਤੋਂ ਪਿੱਛੇ ਨਹੀਂ ਹਟਾਂਗੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਮੇਰਾ ਵੱਡਾ ਭਰਾ ਹੈ ਅਤੇ ਦੋ ਭਰਾਵਾਂ ਵਿਚ ਮਨ ਮਟਾਵ ਹੁੰਦੇ ਰਹਿੰਦੇ ਹਨ ਅਤੇ ਛੋਟਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਵੱਡੇ ਭਰਾ ਨੂੰ ਮਨਾਉਣ ਲਈ ਅੱਗੇ ਆਵਾਂ। ਇਹ ਉਨ੍ਹਾਂ ਦਾ ਪਰਿਵਾਰਿਕ ਮਸਲਾ ਹੈ ਤੇ ਪਰਿਵਾਰ ਵਿਚ ਨਿੱਕੀ ਮੋਟੀ ਨੋਕ ਝੋਕ ਹੁੰਦੀ ਰਹਿੰਦੀ ਹੈ। ਮਾਨ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਘਰ ਦਾ ਇੱਕ ਮੁੰਡਾ ਰੁੱਸ ਕੇ ਭੂਆ ਕੋਲ ਚਲਾ ਜਾਂਦਾ ਹੈ ਤੇ ਰਿਸ਼ਤੇਦਾਰ ਬਾਅਦ ਵਿਚ ਉਸਨੂੰ ਮਨਾ ਲੈਂਦੇ ਹਨ, ਠੀਕ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵਿਚ ਵੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ‘ਚ ਪਈਆਂ ਦੂਰੀਆਂ ਨੂੰ ਬਹੁਤ ਜਲਦ ਦੂਰ ਕਰ ਲਿਆ ਜਾਵੇਗਾ।
ਇਥੇ ਹੀ ਖਹਿਰਾ ਧੜੇ ਵੱਲੋਂ ਕਮੇਟੀ ਦੇ ਮੈਂਬਰ ਕੰਵਰ ਸੰਧੂ ਨੇ ਖਹਿਰਾ ਧੜ੍ਹੇ ਦੀ ਅਗਵਾਈ ਕਰਦਿਆਂ ਕਿਹਾ ਕਿ ਉਹ ਦਿੱਲੀ ਨਹੀਂ ਜਾਣਗੇ ਸਗੋਂ ਪੰਜਾਬ ਤੋਂ ਦਿੱਲੀ ਜਾ ਰਹੇ ਮਸਲਿਆਂ ਨੂੰ ਪੰਜਾਬ ‘ਚ ਹੀ ਸੁਲਝਾਉਣ ਅਤੇ ਖੁਦਮੁਖਤਿਆਰੀ ਦੀ ਮੰਗ ‘ਤੇ ਕਾਇਮ ਰਹਿਣਗੇ। ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਭਗਵੰਤ ਮਾਨ ਨਾਲ ਅੱਜ ਸਾਰੇ ਮੁੱਦਿਆਂ ‘ਤੇ ਗੱਲਾਂ ਕੀਤੀਆਂ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਹਾਈਕਮਾਨ ਤੱਕ ਉਨ੍ਹਾਂ ਦੀਆਂ ਗੱਲਾਂ ਸਪੱਸ਼ਟ ਹੋਣਗੀਆਂ ਤੇ ਉਹ ਪੰਜਾਬ ਇਕਾਈ ਦੀਆਂ ਮੰਗਾਂ ਪ੍ਰਵਾਨ ਕਰੇਗੀ। ਖਹਿਰਾ ਧੜਾ ਅੱਜ ਵੀ ਬਠਿੰਡਾ ‘ਚ ਪਾਸ ਕੀਤੇ ਮਤਿਆਂ ਨੂੰ ਲੈ ਕੇ ਬਜਿੱਦ ਹੈ ਤੇ ਸੰਧੂ ਵੱਲੋਂ ਭਗਵੰਤ ਮਾਨ ਕੋਲ ਉਸ ‘ਤੇ ਵੀ ਗੰਭੀਰਤਾ ਨਾਲ ਵਿਚਾਰ ਹੋਈ। ਬਠਿੰਡਾ ਵਿਚ ਖਹਿਰਾ ਧੜੇ ਵੱਲੋਂ ਪਾਸ ਕੀਤੇ ਮਤਿਆਂ ਨੂੰ ਲੈ ਕੇ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਪਾਰਟੀ ਸਭ ਗੱਲਾਂ ਨੂੰ ਦੇਖਦਿਆਂ ਆਪਣਾ ਸਹੀ ਫੈਸਲਾ ਲਵੇ ਅਤੇ ਪਾਰਟੀ ਦੇ ਭਲੇ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਦੀ ਖਾਤਿਰ ਬਣਦਾ ਫੈਸਲਾ ਦੇਣ।
ਉਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਅਗਲੀ ਮੀਟਿੰਗ ਵਿਚ ਤਮਾਮ ਮਨ ਮਿਟਾਵ ਦੂਰ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਆਮ ਆਦਮੀ ਪਾਰਟੀ ਦਾ ਮਾਹੌਲ ਠੀਕ ਹੋਵੇ ਅਤੇ ਕਦੋਂ ਆਮ ਆਦਮੀ ਪਾਰਟੀ ਉਨ੍ਹਾਂ ਲੱਖਾਂ ਲੋਕਾਂ ਦੀ ਆਵਾਜ਼ ਬਣੇ। ਮਾਨ ਨੇ ਭਰੋਸਾ ਦਿਵਾਇਆ ਕਿ ਬਹੁਤ ਹੀ ਜਲਦ ਪਾਰਟੀ ‘ਚ ਅਲੱਗ ਹੋਈਆਂ ਦੋਵੇਂ ਧਿਰਾ ਆਪਸ ‘ਚ ਮਿਲ ਕੇ ਇੱਕ ਹੋ ਜਾਣਗੀਆਂ। ਇਹ ਹੁਣ ਅਗਲੀ ਮੀਟਿੰਗ ਵਿਚ ਹੀ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਖਹਿਰਾ ਧੜੇ ਦੀਆਂ ਮੰਗਾਂ ਨੂੰ ਪ੍ਰਵਾਨ ਚੜ੍ਹਾਉਂਦੀ ਹੈ ਜਾਂ ਨਹੀਂ।