ਧਨੌਲਾ, 4 ਅਗਸਤ
ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵਾਪਰੇ ਘਟਨਾਕ੍ਰਮ ਤੋਂ ਭਰੇ-ਪੀਤੇ ਬੈਠ ਲੋਕਾਂ ਦੇ ਗੁੱਸਾ ਅੱਜ ਸ਼ਾਮ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ’ਤੇ ਨਿਕਲ ਗਿਆ। ਸ੍ਰੀ ਮਾਨ ਨੇ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਆਪਣੇ ਫੇਸਬੁੱਕ ਪੰਨੇ ’ਤੇ ਇੱਕ ਪੋਸਟ ਪਾਈ ਕਿ ‘ਮੈਂ ਪੰਜਾਬ ਦਾ ਗਦਾਰ ਹਾਂ… ਕਿਉਂਕਿ ਮੈਂ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਾਂ, ਵਿਦੇਸ਼ਾਂ ਤੋਂ ਧੀਆਂ-ਪੁੱਤਾਂ ਦੀਆਂ ਲਾਸ਼ਾਂ ਮੰਗਵਾ ਦਿੰਦਾ ਹਾਂ, ਮੈਂ ਲੋਕਾਂ ਦੇ ਸਾਰੇ ਪੈਸੇ ਦਾ ਹਿਸਾਬ-ਕਿਤਾਬ ਦਿੰਦਾ ਹਾਂ, ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂ, ਮੈਂ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾ ਦਿੰਦਾ ਹਾਂ, ਮੇਰੇ ਖ਼ਿਲਾਫ਼ ਕੋਈ ਬਲਾਤਕਾਰ ਦਾ ਪਰਚਾ ਨਹੀਂ, ਮੈਂ ਚਿੱਟਾ ਵੇਚ ਕੇ ਪੰਜਾਬ ਦੇ ਘਰ ਨਹੀਂ ਉਜਾੜ ਸਕਿਆ, ਇਨ੍ਹਾਂ ਗਦਾਰੀਆਂ ਲਈ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।’ ਇਸ ਪੋਸਟ ਤੋਂ ਤੁਰੰਤ ਬਾਅਦ ਲੋਕਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਲੋਕਾਂ ਨੇ ਭਗਵੰਤ ਮਾਨ ਦੇ ਕੰਮਾਂ ਨੂੰ ਕਬੂਲਦਿਆਂ ਜਿੱਥੇ ਬਠਿੰਡਾ ਕਨਵੈਨਸ਼ਨ ਵਾਲੇ ਦਿਨ ਏਮਜ਼ ਵਿੱਚ ਦਾਖ਼ਲ ਹੋਣ ਨੂੰ ਨਿਸ਼ਾਨਾ ਬਣਾਇਆ, ਉੱਥੇ ਦਿੱਲੀ ਵਾਲਿਆਂ ਅੱਗੇ ਝੁਕਣ ’ਤੇ ਸਬੰਧੀ ਵੀ ਭੜਾਸ ਕੱਢੀ। ਲੋਕਾਂ ਨੇ ‘ਆਪ’ ਹਾਈਕਮਾਂਡ ਨੇ ਆਪੋ-ਆਪਣੇ ਤਰੀਕੇ ਨਾਲ ਨਿਸ਼ਾਨੇ ਲਾਏ।
ਇਸ ਸਬੰਧੀ ਸਰਬਜੀਤ ਸਿੰਘ ਨੇ ਲਿਖਿਆ ਹੈ: ‘ਭਗਤ ਸਿੰਘ’ (ਭਗਵੰਤ ਮਾਨ) ਦਾ ਸਿਆਸੀ ਕਰੀਅਰ ਖਟਕੜ ਕਲਾਂ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਮੁੱਕ ਗਿਆ।’ ਬਿਕਰਮ ਜੀਤ ਸਿੰਘ ਮੱਟਰਾਂ ਨੇ ਲਿਖਿਆ ਕਿ ‘ਲੋੜ ਪੈਣ ’ਤੇ ਭਗਵੰਤ ਪਿੱਠ ਦਿਖਾ ਕੇ ਦਿੱਲੀ ਦਾ ਵਫ਼ਾਦਾਰ ਬਣ ਗਿਆ।’ ਇਸ ਤਰ੍ਹਾਂ ਦੇ ਕੁਮੈਂਟ ਆਉਣ ਕਰਕੇ ਲੋਕਾਂ ਵਿੱਚ ਆਪਸੀ ਬਹਿਸ ਵੀ ਚੱਲਦੀ ਰਹੀ।