ਮਾਂਟਰੀਅਲ— ਦੁਨੀਆ ਦੇ ਕਈ ਦੇਸ਼ਾਂ ‘ਚ ਹੈਲੋਵੀਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੈਨੇਡਾ ‘ਚ ਵੀ ਇਹ ਤਿਉਹਾਰ ਲੋਕ ਚਾਅ ਨਾਲ ਮਨਾਉਂਦੇ ਹਨ ਪਰ ਹਾਲ ਹੀ ‘ਚ ਉੱਤਰੀ ਕਿਊਬਿਕ ਦੇ ਅਧਿਕਾਰੀਆਂ ਨੇ ਬੱਚਿਆਂ ਦੀਆਂ ਟੌਫੀਆਂ ‘ਚ ਭੰਗ ਅਤੇ ਡਰਗਜ਼ ਆਦਿ ਦੀ ਮਿਲਾਵਟ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਖਾਸ ਕਿਸਮ ਦੀਆਂ ਗਮੀ ਬੀਅਰ ਟੌਫੀਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਅਸਲ ‘ਚ ਖਾਸ ਕਿਸਮ ਦੀਆਂ ਬਣੀਆਂ ਟੌਫੀਆਂ ‘ਚ ਨਸ਼ੀਲੇ ਪਦਾਰਥ ਪਾਏ ਹਨ, ਜੇਕਰ ਇਹ ਬੱਚਿਆਂ ਤਕ ਪੁੱਜ ਜਾਣਗੀਆਂ ਤਾਂ ਇਹ ਉਨ੍ਹਾਂ ਲਈ ਖਤਰਨਾਕ ਸਿੱਧ ਹੋਣਗੀਆਂ। ਪੁਲਸ ਨੇ ਨਸ਼ੇ ਪਦਾਰਥਾਂ ਨਾਲ ਲੈਸ ਇਕ ਖੇਪ ਫੜੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਤੇ ਟੀ.ਐੱਚ.ਸੀ. ਦੀ ਪਰਤ ਚੜ੍ਹੀ ਹੋਈ ਹੈ, ਜੋ ਨਸ਼ੀਲੇ ਪਦਾਰਥਾਂ ‘ਚ ਪਾਈ ਜਾਂਦੀ ਹੈ। ਇਨ੍ਹਾਂ ਕਈ ਨਸ਼ੀਲੀਆਂ ਟੌਫੀਆਂ ‘ਤੇ ਲਿਫਾਫਾ ਲਪੇਟਿਆ ਹੋਇਆ ਹੈ ਅਤੇ ਕਈਆਂ ‘ਤੇ ਨਹੀਂ ਅਤੇ ਇਹ ਲਾਲ, ਪੀਲੇ ਤੇ ਹਰੇ ਰੰਗ ਦੇ ਭਾਲੂਆਂ ਦੇ ਛੋਟੇ-ਛੋਟੇ ਆਕਾਰ ‘ਚ ਦਿਖਾਈ ਦਿੰਦੀਆਂ ਹਨ। ਅਧਿਕਾਰੀ ਵੀ ਨਹੀਂ ਜਾਣਦੇ ਕਿ ਇਕ ਟੌਫੀ ਵਿੱਚ ਕਿੰਨੀ ਮਾਤਰਾ ਵਿੱਚ ਡਰਗਜ਼ ਹੈ ਪਰ ਇਸ ਦੀ ਥੋੜੀ ਮਾਤਰਾ ਵੀ ਬੱਚਿਆਂ ਲਈ ਨੁਕਸਾਨਦਾਇਕ ਹੈ। ਉਨ੍ਹਾਂ ਇਸ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਬੱਚਿਆਂ ਵਿੱਚ ਨਸ਼ੇ ਦੀ ਡੋਜ਼ ਚਲੇ ਜਾਣ ਮਗਰੋਂ ਉਹ ਲੜਖੜਾ ਕੇ ਚੱਲ ਸਕਦੇ ਹਨ, ਉਨ੍ਹਾਂ ਨੂੰ ਬੋਲਣ ਵਿੱਚ ਦਿੱਕਤ ਹੋ ਸਕਦੀ ਹੈ ਜਾਂ ਦਿਲ ਕੱਚਾ ਹੋਣ ਵਰਗੀ ਸ਼ਿਕਾਇਤ ਹੋ ਸਕਦੀ ਹੈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਸ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 21 ਅਕਤੂਬਰ ਨੂੰ ਇੱਕ 20 ਸਾਲਾ ਵਿਅਕਤੀ ਨੂੰ 300 ਗ੍ਰਾਮ ਤੋਂ ਵਧ ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਕਿ ਰਾਈਸ ਕ੍ਰਿਸਪੀ ਟਾਈਪ ਸਕੁਏਅਰਜ਼, ਬ੍ਰਾਊਨੀਜ਼ ਅਤੇ ਟੌਫੀਆਂ ਆਦਿ ਰੱਖਣ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਚ ਨਸ਼ਾ ਸੀ।