ਚੰਡੀਗੜ੍ਹ/ਜਲੰਧਰ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਨਾਗਰਿਕ ‘ਤੇ ਪੰਜਾਬ ਪੁਲਸ ਵਲੋਂ ਅੱਤਿਆਚਾਰ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਕਿਹਾ ਗਿਆ ਹੈ ਕਿ ਸੂਬੇ ‘ਚ ਇਸ ਕੇਸ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਦੀ ਪੁਲਸ ਵਲੋਂ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ।  ਬ੍ਰਿਟਿਸ਼ ਦੇ ਕੁਝ ਸੰਸਦ ਮੈਂਬਰਾਂ ਨੇ ਇਹ ਮਾਮਲਾ ਬ੍ਰਿਟਿਸ਼ ਪਾਰਲੀਮੈਂਟ ‘ਚ ਉਠਾਉਂਦੇ ਹੋਏ ਕਿਹਾ ਸੀ ਕਿ ਬ੍ਰਿਟਿਸ਼ ਨਾਗਰਿਕ ‘ਤੇ ਪੰਜਾਬ ਪੁਲਸ ਅੱਤਿਆਚਾਰ ਕਰ ਰਹੀ ਹੈ। ਮੁੱਖ ਮੰਤਰੀ ਤੋਂ ਪਹਿਲਾਂ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵੀ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ।
ਸੂਬੇ ‘ਚ ਟਾਰਗੇਟ ਕਿਲਿੰਗਸ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਸਕਾਟਲੈਂਡ ‘ਚ ਜਨਮੇ ਜਗਤਾਰ ਸਿੰਘ ਉਰਫ ਜੱਗੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਮੇਂ ਉਹ ਜੇਲ ‘ਚ ਹੈ। ਬਰਤਾਨੀਆ ‘ਚ ਕਿਹਾ ਜਾ ਰਿਹਾ ਸੀ ਕਿ ਹਿਰਾਸਤ ‘ਚ ਜੱਗੀ ‘ਤੇ ਪੁਲਸ ਨੇ ਅੱਤਿਆਚਾਰ ਕੀਤੇ ਹਨ ਅਤੇ ਉਸ ਨੂੰ ਟਾਰਚਰ ਕੀਤਾ ਗਿਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਪੁੱਛਗਿੱਛ ਦੌਰਾਨ ਕੋਈ ਵੀ ਗਲਤ ਤਰੀਕਾ ਨਹੀਂ ਅਪਣਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਨੂੰ ਆਪਣਾ ਵਕੀਲ ਕਰਨ ਦੀ ਵੀ ਸਹੂਲਤ ਦਿੱਤੀ ਗਈ ਅਤੇ ਇਸ ਸਾਰੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤਾਂ ਕਿ ਕੌਮਾਂਤਰੀ ਸੰਪਰਕਾਂ ਨੂੰ ਲੈ ਕੇ ਜਾਂਚ ਡੂੰਘਾਈ ਨਾਲ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਟਾਰਗੇਟ ਕਿਲਿੰਗ ਮਾਮਲਿਆਂ ‘ਚ ਪੰਜਾਬ ਪੁਲਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਸੂਬੇ ਦੀ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ ਕਿਉਂਕਿ ਪਿਛਲੇ ਦੋ-ਤਿੰਨ ਸਾਲਾਂ ‘ਚ ਅਜਿਹੀਆਂ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ। ਹੁਣ ਮੌਜੂਦਾ ਸਰਕਾਰ ਨੇ ਇਨ੍ਹਾਂ ‘ਤੇ ਰੋਕ ਲਾਉਣ ‘ਚ ਕਾਮਯਾਬੀ ਹਾਸਿਲ ਕੀਤੀ।
ਜੌਹਲ ਉਨ੍ਹਾਂ ਦੋਸ਼ੀਆਂ ‘ਚ ਸ਼ਾਮਿਲ ਸੀ ਜਿਨ੍ਹਾਂ ਨੂੰ ਪੁਲਸ ਨੇ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਅਤੇ ਹੋਰ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਸੀ। ਉਸ ਦਾ ਵਿਆਹ ਪਿਛਲੇ ਮਹੀਨੇ ਹੋਇਆ ਸੀ ਅਤੇ ਉਸ ਨੂੰ ਜਲੰਧਰ ‘ਚੋਂ ਫੜਿਆ ਗਿਆ। ਪੰਜਾਬ ਪੁਲਸ ਨੇ ਵੀ ਦਾਅਵਾ ਕੀਤਾ ਹੈ ਕਿ ਜੌਹਲ ਦੀ ਸ਼ਮੂਲੀਅਤ ਦੇ ਉਸ ਕੋਲ ਲੋੜੀਂਦੇ ਅਤੇ ਪੁਖਤਾ ਸਬੂਤ ਹਨ। ਇਸ ਮਾਮਲੇ ‘ਚ ਜੌਹਲ ਵਲੋਂ ਉਪਲੱਬਧ ਕਰਵਾਏ ਗਏ ਫੰਡਾਂ, ਸਾਜ਼ਿਸ਼ ਰਚਣ ਅਤੇ ਹਥਿਆਰਾਂ ਦਾ ਪ੍ਰਬੰਧ ਕਰਵਾਉਣ ਦੇ ਮਾਮਲੇ ‘ਚ ਵੀ ਜਾਂਚ ਚਲ ਰਹੀ ਹੈ।