ਐਡਮੰਟਨ— ਰੋਹਨ ਬੋਪੰਨਾ ਅਤੇ ਪੂਰਵ ਰਾਜਾ ਨੂੰ ਮਹੱਤਵਪੂਰਨ ਡਬਲਜ਼ ਮੈਚ ‘ਚ ਡੈਨੀਅਲ ਨੇਸਟਰ ਅਤੇ ਵਾਸੇਕ ਪੋਸਪਿਸਿਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਭਾਰਤ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲੇ ‘ਚ ਮੇਜ਼ਬਾਨ ਕੈਨੇਡਾ ਤੋਂ 1-2 ਨਾਲ ਪਿੱਛੜ ਗਿਆ। ਪਹਿਲੇ ਦਿਨ ਦਾ ਸਕੋਰ 1-1 ਨਾਲ ਬਰਾਬਰ ਰਹਿਣ ਦੇ ਬਾਅਦ ਉਮੀਦ ਸੀ ਕਿ ਬੋਪੰਨਾ ਅਤੇ ਰਾਜਾ ਭਾਰਤ ਨੂੰ ਡਬਲਜ਼ ਮੈਚ ‘ਚ ਬੜ੍ਹਤ ਦਿਵਾਉਣਗੇ ਪਰ ਭਾਰਤੀ ਜੋੜੀ ਨੂੰ ਸ਼ਨੀਵਾਰ ਨੂੰ ਦੋ ਘੰਟੇ 52 ਮਿੰਟ ਤੱਕ ਚਲੇ ਸੰਘਰਸ਼ਪੂਰਨ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਨੈਸਟਰ ਅਤੇ ਪੋਸਪਿਸਿਲ ਨੇ ਇਹ ਮੈਚ 7-5, 7-5, 5-7, 6-3 ਨਾਲ ਜਿੱਤ ਕੇ ਕੈਨੇਡਾ ਨੂੰ ਮੁਕਾਬਲੇ ‘ਚ ਬੜ੍ਹਤ ਦਿਵਾ ਦਿੱਤੀ। ਪਹਿਲੇ ਦਿਨ ਰਾਮਕੁਮਾਰ ਰਾਮਨਾਥਨ ਨੇ ਪਹਿਲਾ ਸਿੰਗਲ ਜਿੱਤਿਆ ਸੀ ਜਦਕਿ ਯੁਕੀ ਭਾਂਬਰੀ ਦੂਜੇ ਸਿੰਗਲ ‘ਚ ਹਾਰ ਗਏ ਸਨ। ਡਬਲਜ਼ ਹਾਰਨ ਦੇ ਬਾਅਦ ਹੁਣ ਸਾਰਾ ਦਾਰੋਮਦਾਰ ਰਾਮਕੁਮਾਰ ਅਤੇ ਯੁਕੀ ‘ਤੇ ਆ ਗਿਆ ਹੈ ਜੋ ਕਿ ਉਲਟ ਸਿੰਗਲ ਮੈਚਾਂ ‘ਚ ਜਿੱਤ ਹਾਸਲ ਕਰਨ ਅਤੇ ਭਾਰਤ ਨੂੰ ਵਿਸ਼ਵ ਗਰੁੱਪ ‘ਚ ਲੈ ਜਾਣ। ਇਸ ਮੁਕਾਬਲੇ ਦੇ ਜੇਤੂ ਨੂੰ 2018 ਦੇ ਵਿਸ਼ਵ ਗਰੁੱਪ ‘ਚ ਪ੍ਰਵੇਸ਼ ਮਿਲਣਾ ਹੈ। ਉਲਟ ਸਿੰਗਲ ਮੈਚਾਂ ‘ਚ ਰਾਮਕੁਮਾਰ ਦਾ ਮੁਕਾਬਲਾ ਡੈਨਿਸ ਸ਼ਾਪੋਵਾਲੋਵ ਨਾਲ ਅਤੇ ਯੁਕੀ ਦਾ ਮੁਕਾਬਲਾ ਬ੍ਰੇਡਨ ਸ਼ਨਰ ਨਾਲ ਹੋਵੇਗਾ। ਭਾਰਤ ਪਿਛਲੇ 3 ਸਾਲਾਂ ‘ਚ ਲਗਾਤਾਰ ਵਿਸ਼ਵ ਗਰੁੱਪ ਪਲੇਅ ਆਫ ਮੈਚਾਂ ‘ਚ ਹਾਰਿਆ ਹੈ।