ਚੰਡੀਗਡ਼੍ਹ, ਲੋਕ ਇਨਸਾਫ਼ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਰੇਤੇ ਦੀ ‘ਹੱਟੀ’ ਲਾ ਕੇ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਤਨਜ਼ ਕਸਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕਾਂ ਨੂੰ ਰੇਤਾ ਪਰਚੂਨ ਵਿੱਚ ਲੈਣੀ ਪਵੇਗੀ। ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਇਕ ਸਾਲ ਦੌਰਾਨ ਰੇਤ ਮਾਫੀਆ ਨੂੰ ਨੱਥ ਪਾ ਕੇ ਰੇਤਾ ਤੇ ਬਜਰੀ ਦੀਆਂ ਕੀਮਤਾਂ ਨੂੰ ਸਥਿਰ ਨਹੀਂ ਕਰ ਸਕੀ। ਆਪਣੇ ਸਮਰਥਕਾਂ ਸਮੇਤ ਨਾਅਰੇਬਾਜ਼ੀ ਕਰਦਿਆਂ ਬੈਂਸ ਭਰਾਵਾਂ ਨੇ ਦੋਸ਼ ਲਾਇਆ ਕਿ ਜਦੋਂ ਪਹਿਲਾਂ ਰੇਤ ਮਾਫੀਆ ਦਾ ਰੌਲਾ ਪੈ ਰਿਹਾ ਸੀ ਤਾਂ ਉਸ ਵੇਲੇ ਰੇਤਾ ਦੇ ਇਕ ਟਰੱਕ ਦੀ ਕੀਮਤ 3400 ਰੁਪਏ ਸੀ ਜਦਕਿ ਹੁਣ ਵੱਧ ਕੇ 40 ਤੋਂ 44 ਹਜ਼ਾਰ ਰੁਪਏ ਪ੍ਰਤੀ ਟਰੱਕ ਹੋ ਗਈ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਤ ਮਾਫੀਆ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।