ਚੰਡੀਗਡ਼੍ਹ, ਵਿਸ਼ੇਸ਼ ਅਦਾਲਤ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਉਂਦਿਆਂ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ ਐਸ ਸਿੱਧੂ ਨੇ ਅਤਿ ਸੁਰੱਖਿਆ ਵਾਲੀ ਬੁਡ਼ੈਲ ਜੇਲ੍ਹ ਵਿੱਚ ਇਹ ਸਜ਼ਾ ਸੁਣਾਈ। ਦੋਸ਼ੀ ਤਾਰਾ ਵੀ ਇਸੇ ਜੇਲ੍ਹ ਵਿੱਚ ਕੈਦ ਹੈ। ਇਹ ਜਾਣਕਾਰੀ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਤਾਰਾ ਨੂੰ 35000 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਾਰਾ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਨਹੀਂ ਦੇਵੇਗਾ। ਸੀਬੀਆਈ ਦੇ ਵਕੀਲ ਨੇ ਤਾਰਾ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ।
ਤਾਰਾ(43) ਖ਼ਿਲਾਫ਼ ਧਾਰਾ 302, 307 , 120 ਅਤੇ ਧਮਾਕਾਖੇਜ਼ ਸਮੱਗਰੀ ਰੱਖਣ ਨਾਲ ਸਬੰਧਤ ਹੋਰਨਾਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿੱਚ ੳੁਸ ਨੇ ਅਦਾਲਤ ਵਿੱਚ ਕਬੂਲਨਾਮਾ ਦਾਖਲ ਕੀਤਾ ਸੀ, ਜਿਸ ਵਿੱਚ ਉਸ ਨੇ 1995 ਦੇ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਆਪਣੀ ਸ਼ਮੂਲੀਅਤ ਕਬੂਲੀ ਸੀ।
ਜ਼ਿਕਰਯੋਗ ਹੈ ਕਿ 31 ਅਗਸਤ, 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਚੰਡੀਗਡ਼੍ਹ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਇਸ ਹਮਲੇ ਵਿੱਚ 16 ਹੋਰਨਾਂ ਲੋਕਾਂ ਦੀਆਂ ਵੀ ਜਾਨਾਂ ਗਈਆਂ ਸਨ। ਪੰਜਾਬ ਪੁਲੀਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਇਸ ਘਟਨਾ ਵਿੱਚ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਤਾਰਾ ਨੂੰ ਸਤੰਬਰ 1995 ਨੂੰ ਨਵੀਂ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂਕਿ ਉਹ ਦੋ ਹੋਰਨਾਂ ਮੁਲਜ਼ਮਾਂ ਨਾਲ 2004 ਵਿੱਚ ਕੇਸ ਦੀ ਸੁਣਵਾਈ ਦੌਰਾਨ ਬੁਡ਼ੈਲ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ 2015 ਵਿੱਚ ਥਾਈਲੈਂਡ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ। ਅੱਜ ਤਾਰਾ ਨੂੰ ਸਜ਼ਾ ਸੁਣਾਏ ਜਾਣ ਦੌਰਾਨ ਬੁਡ਼੍ਹੈਲ ਜੇਲ੍ਹ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ। ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਸਮੇਤ ਤਾਰਾ ਦੇ ਕਈ ਸਮਰਥਕ ਜੇਲ੍ਹ ਦੇ ਬਾਹਰ ਮੌਜੂਦ ਸੀ।