ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਝ ਰਾਜਨੀਤਕ ਧਿਰਾਂ ਬੇਅਦਬੀ ਦੇ ਮੁੱਦਿਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਹੋਈਆਂ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਆਪਣੇ ਮੁਫ਼ਾਦ ਦੀ ਖਾਤਰ ਸਿਆਸੀਕਰਨ ਕਰ ਰਹੀਆਂ ਹਨ। ਉਂਝ, ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਧਿਰਾਂ ਇਸ ਮਾਮਲੇ ਨੂੰ ਰਾਜਨੀਤਕ ਰੰਗਤ ਦੇਣ ਦਾ ਯਤਨ ਕਰ ਰਹੀਆਂ ਹਨ ਪਰ ਸੂਬੇ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਤੇ ਅਜਿਹੀਆਂ ਤਾਕਤਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੋ ਮੰਤਰੀਆਂ ਤੇ ਵਿਧਾਇਕ ਨੇ ਕੱਲ੍ਹ ਫਰੀਦਕੋਟ ਜ਼ਿਲੇ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਸੀ ਜਦਕਿ ਬੇਅਦਬੀ ਦੇ ਮਾਮਲਿਆਂ ਨੂੰ ਰਾਜਸੀ ਮੰਤਵਾਂ ਲਈ ਵਰਤਣ ਵਾਲੀਆਂ ਧਿਰਾਂ ਬਰਗਾੜੀ ਰੈਲੀ ਤੱਕ ਹੀ ਸੀਮਤ ਸਨ। ਉਨ੍ਹਾਂ ਕਿਹਾ ਕਿ ਗਰਮਖਿਆਲੀ ਲੋਕ ਸਥਿਤੀ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਪੁਲੀਸ ਦੀ ਇਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ ਜਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਜੇ ਲੋੜ ਪਈ ਤਾਂ ਕਿਸੇ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਨ ਖਾਤਰ ਅਦਾਲਤ ਵਿਚ ਵੀ ਜਾਵੇਗੀ। ਮਾਮਲੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦਿਆਂ ਜਾਂਚ ਟੀਮ ਆਪਣਾ ਕੰਮ ਜਲਦੀ ਮੁਕਾਵੇਗੀ।
ਇਹ ਪੁੱਛੇ ਜਾਣ ’ਤੇਕੀ ਉਹ ਬਾਦਲਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਕਰਵਾਉਣ ਲਈ ਗਰਮ ਖਿਆਲੀਆਂ ਦੀ ਮਦਦ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਜਿਹੇ ਧੜਿਆਂ ਨਾਲ ਕੋਈ ਸਬੰਧ ਨਹੀਂ ਹਨ ਪਰ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਵਾਉਣ ਲਈ ਹੋਰਨਾਂ ਧੜਿਆਂ ਦੀ ਮਦਦ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਗੁਰਦੁਆਰਿਆਂ ਦੀ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਨਰਮਖਿਆਲ ਨਹੀਂ ਸਗੋਂ ਮੌਕਾਪ੍ਰਸਤ ਹਨ ਜਿਹੜੇ ਆਪਣੇ ਰਾਜਨੀਤਕ ਹਿੱਤਾਂ ਲਈ ਲੋਕਾਂ ਨੂੰ ਵਰਤਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬੇਅਦਬੀ ਦੇ 157 ਮਾਮਲੇ ਹੱਲ ਕਰ ਲਏ ਹਨ ਤੇ ਇਸ ਸਿਲਸਿਲੇ ਵਿੱਚ 129 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿੱਚੋਂ ਦਸ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ।
ਤੇਲ ਕੀਮਤਾਂ ’ਚ ਰਾਹਤ ਫਿਲਹਾਲ ਨਹੀਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਤੇਲ ਦੀਆਂ ਕੀਮਤਾਂ ਬਾਰੇ ਫੌਰੀ ਕੋਈ ਫ਼ੈਸਲਾ ਨਹੀਂ ਕਰੇਗੀ ਸਗੋਂ ਕੌਮਾਂਤਰੀ ਮਾਰਕੀਟ ਵਿਚ ਤੇਲ ਦੀਆਂ ਕੀਮਤਾਂ ਵਿਚ ਆ ਰਹੇ ਉਤਰਾਅ ਚੜਾਅ ਨੂੰ ਧਿਆਨ ਵਿਚ ਰੱਖ ਕੇ ਇਸ ਮਹੀਨੇ ਦੇ ਅਖੀਰ ’ਚ ਤੇਲ ਦੀਆਂ ਕੀਮਤਾਂ ਬਾਰੇ ਫੈਸਲਾ ਕਰੇਗੀ। ਮੁੱਖ ਮੰਤਰੀ ਅਗਲੇ ਹਫਤੇ ਇਸਰਾਈਲ ਦੌਰੇ ’ਤੇ ਜਾ ਰਹੇ ਹਨ ਤੇ ਉਥੇ ਖੇਤੀਬਾੜੀ ਤੇ ਦੁਵੱਲੇ ਹਿੱਤਾਂ ਦੇ ਕਈ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।