ਚੰਡੀਗੜ੍ਹ, 22 ਅਗਸਤ
ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ(ਸਿੱਟ) ਵੱਲੋਂ ਪਿੰਡ ਮੱਲਕੇ ਤੇ ਗੁਰੂਸਰ ਵਿੱਚ ਬੇਅਦਬੀ ਦੀਆਂ ਘਟਨਾਵਾਂ ਕੀਤੀ ਜਾ ਰਹੀ ਜਾਂਚ ਭਾਵੇਂ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ, ਪਰ ਸਿੱਟ ਦੀ ਜਾਂਚ ਨੂੰ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲਕੇ ਤੇ ਗੁਰੂਸਰ ਪਿੰਡਾਂ ਦੇ ਘੇਰੇ ਵਿੱਚ ਸਰਗਰਮ ਰਹੇ ਡੇਢ ਲੱਖ ਤੋਂ ਵਧ ਮੋਬਾਈਲ ਫੋਨਾਂ ਦੇ ਡੇਟਾ ਅਤੇ ਪਿੰਡ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੋਂ ਮਿਲੇ ਡੀਐਨਏ ਦੇ ਨਮੂਨਿਆਂ ਦੀ ਘੋਖ ਤੋਂ ਨਵੀਂ ਦਿਸ਼ਾ ਮਿਲੀ ਹੈ।
ਸ੍ਰੀ ਖਟੜਾ ਨੇ ਦੱਸਿਆ ਕਿ 30 ਨਵੰਬਰ 2015 ਨੂੰ ਸਿੱਟ ਦੀ ਕਾਇਮੀ ਤੋਂ ਹੀ ਇਸ ਮਾਮਲੇ ਦੀ ਜਾਂਚ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 4 ਨਵੰਬਰ 2015 ਨੂੰ ਪਿੰੰਡ ਮੱਲਕੇ ਤੋਂ ਇਕੱਤਰ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗਾਂਧੀਨਗਰ (ਗੁਜਰਾਤ) ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘ਜਾਂਚ ਰਿਪੋਰਟ ਵਿੱਚ ਇਨ੍ਹਾਂ ਅੰਗਾਂ ‘ਤੇ ਚਾਰ ਜਣਿਆਂ ਦੀ ਉਂਗਲਾਂ ਦੇ ਨਿਸ਼ਾਨ ਅਤੇ ਦੋ ਵਾਲ ਮਿਲੇ ਹਨ। ਇਹ ਡੀਐਨਏ ਲਈ ਅਹਿਮ ਸਬੂਤ ਹਨ, ਜਿਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮਸ਼ਕੂਕਾਂ ਦੇ ਡੀਐਨਏ ਨਮੂਨਿਆਂ ਨਾਲ ਮੇਲਿਆ ਜਾਵੇਗਾ।’ ਯਾਦ ਰਹੇ ਕਿ 4 ਨਵੰਬਰ 2015 ਦੀ ਸਵੇਰ ਨੂੰ ਪਿੰਡ ਮੱਲਕੇ ’ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ ਸਨ। ਤਤਕਾਲੀਨ ਡੀਆਈਜੀ ਅਮਰ ਸਿੰਘ ਚਾਹਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਨ੍ਹਾਂ ਅੰਗਾਂ ਨੂੰ ਇਕੱਤਰ ਕੀਤਾ, ਜਿਨ੍ਹਾਂ ਨੂੰ ਮਗਰੋਂ ਇਸ ਮਾਮਲੇ ਵਿੱਚ ਕੇਸ ਪ੍ਰਾਪਰਟੀ ਵਜੋਂ ਜੋੜ ਦਿੱਤਾ ਗਿਆ।
ਸ੍ਰੀ ਖਟੜਾ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਐੱਚ.ਐਸ.ਬਰਾੜ, ਜੋ ਇਸੇ ਪਿੰਡ ਦੇ ਵਸਨੀਕ ਹਨ, ਨੂੰ ਇਸ ਆਸ ਨਾਲ ਪੁਲੀਸ ਪਾਰਟੀ ਦੇ ਨਾਲ ਗਾਂਧੀਨਗਰ ਲੈ ਕੇ ਗਏ ਤਾਂ ਕਿ ਕੁਝ ਡੀਐਨਏ ਨਮੂਨੇ ਇਕੱਤਰ ਕੀਤੇ ਜਾ ਸਕਣ। ਸ੍ਰੀ ਖਟੜਾ ਨੇ ਕਿਹਾ ਕਿ ਉਨ੍ਹਾਂ ਸ਼ੁਰੂਆਤ ਤੋਂ ਹੀ ਇਸ ਮਾਮਲੇ ਨੂੰ ਹੱਲ ਕਰਨ ਲਈ ਵਿਗਿਆਨਕ ਪਹੁੰਚ ਨੂੰ ਤਰਜੀਹ ਦਿੱਤੀ।
ਉਧਰ ਇਸ ਕੇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਰਕਾਰ ਨੂੰ ਸੌਂਪੀ ਆਪਣੀ ਹਾਲੀਆ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ।
ਸ੍ਰੀ ਖਟੜਾ ਨੇ ਹਾਲਾਂਕਿ ਕਿਹਾ ਕਿ ਪਿਛਲੀ ਸਰਕਾਰ ਨੇ ਉਨ੍ਹਾਂ ’ਤੇ ਇਨ੍ਹਾਂ ਮਾਮਲਿਆਂ ਦੀ ਹਰ ਪੱਖ ਤੋਂ ਜਾਂਚ ਕਰਨ ਲਈ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਤਬਦੀਲੀ ਦੇ ਬਾਵਜੂਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾ ਸਿਰਫ਼ ਉਨ੍ਹਾਂ ਨਾਲ ਨਿਯਮਤ ਰਾਬਤਾ ਰੱਖ ਕੇ ਜਾਂਚ ਦੇ ਕਿਸੇ ਤਣ ਪੱਤਣ ਲੱਗਣ ਬਾਰੇ ਪੁੱਛਦੇ ਹਨ ਬਲਕਿ ਉਨ੍ਹਾਂ ਕੇਸਾਂ ਦਾ ਖੁਰਾ ਖੋਜ ਲਾਉਣ ਲਈ ਹਰ ਸੰਭਵ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਉਨ੍ਹਾਂ ਹਿੰਦੂ ਸੱਜੇ ਪੱਖੀਆਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ।