ਸ੍ਰੀ ਆਨੰਦਪੁਰ ਸਾਹਿਬ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਸਮੇਂ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਜੇਕਰ ਸਰਕਾਰਾਂ ਰਾਜਨੀਤੀ ਨਾ ਕਰਦੀਆਂ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਸਰਕਾਰਾਂ ਵੱਲੋਂ ਕੀਤੀ ਗਈ ਰਾਜਨੀਤੀ ਕਾਰਨ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਰੂਪਨਗਰ ਦੀ ਪੁਲੀਸ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀ ਸ਼ਲਾਘਾ ਕੀਤੀ।
ਗਿਆਨੀ ਰਘਬੀਰ ਸਿੰਘ ਅੱਜ ਜ਼ਿਲ੍ਹੇ ਦੇ ਪਿੰਡ ਡੰਗੌਲੀ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਰੱਖੀ ਬੈਠਕ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਇਹ ਬੈਠਕ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਜੇਕਰ ਰਾਜਨੀਤੀ ਨਾ ਕਰਦੀਆਂ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਹੀ ਨਹੀਂ ਸਕਦੀਆਂ ਸਨ। ਇਸ ਲਈ ਇਸ ਧਾਰਮਿਕ ਮਸਲੇ ਪ੍ਰਤੀ ਸਾਰਿਆਂ ਨੂੰ ਇਕਮੁੱਠ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਕਰੇ ਤਾਂ ਅਜਿਹੇ ਹਾਦਸੇ ਨਾ ਵਾਪਰਨ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਦੀ ਅਨਪੜ੍ਹਤਾ, ਅਗਿਆਨਤਾ ਅਜਿਹੀਆਂ ਘਟਨਾਵਾਂ ਦਾ ਵੱਡਾ ਕਾਰਨ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਵੀ ਪੰਜਾਬ ਪੁਲੀਸ ਦੇ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਬਹੁਤੇ ਦੋਸ਼ੀ ਫੜੇ ਗਏ ਸਨ ਜਦਕਿ ਬਰਗਾੜੀ ਕਾਂਡ ਦੀ ਜਾਂਚ ਚੱਲ ਰਹੀ ਸੀ।