ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵੱਲੋਂ 7 ਅਕਤੂਬਰ ਨੂੰ ਲੰਬੀ ਹਲਕੇ ਦੇ ਕਿੱਲਿਆਂਵਾਲੀ ਵਿੱੱਚ ਕੀਤੀ ਜਾ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਮੰਤਰੀਆਂ, ਮਾਲਵਾ ਖਿੱਤੇ ਨਾਲ ਸਬੰਧਤ ਪਾਰਟੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਆਖਿਆ ਕਿ ਲੰਬੀ ਹਲਕੇ ਵਿੱਚ ਰੈਲੀ ਕਰਨ ਦਾ ਉਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਆਗੂਆਂ ਦਾ ਦੋਗਲਾ ਚਿਹਰਾ ਆਮ ਲੋਕਾਂ ਵਿੱਚ ਨੰਗਾ ਕਰਨਾ ਹੈ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਨਾਂਅ ’ਤੇ ਸਿਆਸਤ ਕੀਤੀ ਪਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਸੇ ਪੰਥ ਨੂੰ ਦਾਅ ’ਤੇ ਲਾ ਕੇ ਪੰਥ ਨਾਲ ‘ਗ਼ਦਾਰੀ’ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਕਾਰਜਕਾਲ ਵਿਚ ਵਾਪਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਅਕਾਲੀ ਦਲ ਦੇ ਮੱਥੇ ਦਾ ਕਲੰਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਪੰਜਾਬ ਦੇ ਲੋਕਾਂ ਵੱਲੋਂ ਵਾਰ ਵਾਰ ਪੁੱਛੇ ਜਾਣ ’ਤੇ ਵੀ ਉਹ ਅੱਜ ਤੱਕ ਇਹ ਜਵਾਬ ਨਹੀਂ ਦੇ ਪਾਏ ਕਿ ਬਹਿਬਲ ਕਲਾਂ ਵਿੱਚ ਗੋਲੀ ਕਿਸ ਦੇ ਹੁਕਮ ’ਤੇ ਚਲਾਈ ਗਈ?
ਸ੍ਰੀ ਜਾਖੜ ਨੇ ਕਿਹਾ ਕਿ ਜਦ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਲੋਕਾਂ ਵਿਚ ਇਸ ਰੈਲੀ ਪ੍ਰਤੀ ਉਤਸ਼ਾਹ ਹੈ। ਉਨ੍ਹਾਂ ਕਰਜ਼ਾ ਮੁਆਫ਼ੀ ਨੂੰ ਸਰਕਾਰ ਦੀ ਉਪਲਬਧੀ ਕਰਾਰ ਦਿੱਤਾ।

ਰੈਲੀ ਬਾਰੇ ਕਾਂਗਰਸੀ ਆਗੂਆਂ ਵਿਚਾਲੇ ਮੱਤਭੇਦ
ਆਗਾਮੀ 7 ਅਕਤੂਬਰ ਦੀ ਰੈਲੀ ਦੇ ਮੰਤਵ ਨੂੰ ਲੈ ਕੇ ਕਾਂਗਰਸ ਆਗੂਆਂ ਵਿਚਾਲੇ ਮੱਤਭੇਦ ਹਨ। ਕੁਝ ਆਗੂਆਂ ਨੇ ਕਿਹਾ ਕਿ ਹਾਲੇ ਤੱਕ ਇਹ ਪਤਾ ਨਹੀਂ ਕਿ ਰੈਲੀ ਵਿਚ ਕੋਈ ਨਵਾਂ ਐਲਾਨ ਕਰਨਾ ਹੈ ਜਾਂ ਓਹੀ ਗੱਲਾਂ ਕਹਿਣੀਆਂ ਹਨ, ਜਿਹੜੀਆਂ ਮੌਨਸੂਨ ਸੈਸ਼ਨ ਦੌਰਾਨ ਕਹੀਆਂ ਸਨ। ਜੇਕਰ ਵਿਧਾਨ ਸਭਾ ਵਾਲੀਆਂ ਗੱਲਾਂ ਹੀ ਕਹਿਣੀਆਂ ਹਨ ਤਾਂ ਰੈਲੀ ਕਰਨ ਦਾ ਫਾਇਦਾ ਨਹੀਂ ਹੋਣਾ। ਕੈਪਟਨ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅਜੇ ਤਕ ਮੁਲਜ਼ਮਾਂ ਖ਼ਿਲਾਫ਼ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਤੇ ਤਿੰਨ ਪੁਲੀਸ ਅਧਿਕਾਰੀ ਹਾਈ ਕੋਰਟ ਕੋਲੋਂ ਸਟੇਅ ਲੈ ਚੁੱਕੇ ਹਨ। ਇਸ ਕਰਕੇ ਕਾਰਵਾਈ ਰੁਕ ਗਈ ਹੈ। ਸਰਕਾਰ ਕਾਰਵਾਈ ਕਰਨ ਲਈ ਕੋਈ ਨਾ ਕੋਈ ਰਾਹ ਲੱਭਣ ਦੇ ਚੱਕਰ ਵਿਚ ਹੈ।