ਨਵੀਂ ਦਿੱਲੀ, ਬੀਸੀਆਈ ਦੇ ਜਨਰਲ ਮੈਨੇਜਰ (ਕ੍ਰਿਕਟ ਆਪਰੇਸ਼ਨਜ਼) ਐਮ.ਵੀ. ਸਿਰੀਧਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਪ੍ਰਸ਼ਾਸਕਾਂ ਦੀ ਕਮੇਟੀ ਨੇ ਉਸ ਨੂੰ ਮਨਜ਼ੂਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਸੀਸੀਆਈ ਹੈੱਡ ਕੁਆਰਟਰ ਵਿੱਚ ਹੋਈ ਮੀਟਿੰਗ ਦੌਰਾਨ ਸਿਰੀਧਰ ਨੇ ਆਪਣਾ ਅਸਤੀਫ਼ਾ ਦਿੱਤਾ। ਕੁਝ ਸਮੇਂ ਲਈ ਸੀਈਓ ਰਾਹੁਲ ਜੌਹਰੀ ਕ੍ਰਿਕਟ ਆਪਰੇਸ਼ਨਜ਼ ਦੇ ਪ੍ਰਮੁੱਖ ਹੋਣਗੇ ਅਤੇ ਉਨ੍ਹਾਂ ਦੀ ਮਦਦ ਲਈ ਤਿੰਨ ਮੈਂਬਰੀ ਟੀਮ ਕਰੇਗੀ, ਜਿਸ ਵਿੱਚ ਐਮ.ਪਾਰਿਖ (ਕੌਮਾਂਤਰੀ ਕ੍ਰਿਕਟ ਸਾਜ਼ੋ-ਸਾਮਾਨ), ਕੇਵੀਪੀ ਰਾਓ (ਘਰੇਲੂ ਕ੍ਰਿਕਟ) ਅਤੇ ਗੌਰਭ ਸਕਸੈਨਾ (ਆਈਸੀਸੀ ਅਤੇ ਏਸੀਸੀ ਮਸਲੇ, ਹੋਰਨਾਂ ਕੌਮਾਂਤਰੀ ਬੋਰਡਾਂ ਨਾਲ ਤਾਲਮੇਲ) ਸ਼ਾਮਲ ਹਨ।
ਸ੍ਰੀ ਜੌਹਰੀ ਨੇ ਜਿਹੜੀ ਈ-ਮੇਲ ਹੋਰਨਾਂ ਅਧਿਕਾਰੀਆਂ ਨੂੰ ਘੱਲੀ ਹੈ ਉਸ ਵਿੱਚ ਉਨ੍ਹਾਂ ਕਿਹਾ, ‘ਡਾ. ਸਿਰੀਧਰ 30 ਸਤੰਬਰ 2017 ਤੱਕ ਆਪਣੇ ਅਹੁਦੇ ’ਤੇ ਕੰਮ ਕਰਨ ਲਈ ਰਾਜ਼ੀ ਹੋ ਗਏ ਹਨ। ਅਸੀਂ ਬੀਸੀਸੀਆਈ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕਰਦੇ ਹਾਂ।’ ਸਿਰੀਧਰ ’ਤੇ ਹੈਦਰਾਬਾਦ ਕ੍ਰਿਕਟ ਫੈਡਰੇਸ਼ਨ ਸਬੰਧੀ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗ ਰਹੇ ਹਨ।