ਚੰਡੀਗੜ੍ਹ, ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀਬੀਐਮਬੀ) ਵਿੱਚ ਸੂਬੇ ਦੇ ਡੈਪੂਟੇਸ਼ਨ ਕੋਟੇ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ 800 ਦੇ ਕਰੀਬ ਇੰਜਨੀਅਰਾਂ ਅਤੇ ਹੋਰ ਮੁਲਾਜ਼ਮਾਂ ਦੀ ਵਿਸ਼ੇਸ਼ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ ਜਦਕਿ ਦੂਜੇ ਪਾਸੇ ਪੰਜਾਬ ਦੀਆਂ 260 ਆਸਾਮੀਆਂ ’ਤੇ ਹਿਮਾਚਲ, ਹਰਿਆਣਾ ਤੇ ਕੇਂਦਰ ਦੇ ਮੁਲਾਜ਼ਮ ਕਾਬਜ਼ ਹੋ ਗਏ ਹਨ।
ਬੀਬੀਐਮਬੀ ਵਿੱਚ ਪੰਜਾਬ ਕੋਟੇ ਦੀਆਂ 800 ਦੇ ਕਰੀਬ ਇੰਜਨੀਅਰਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਆਸਾਮੀਆਂ ਖਾਲੀ ਹਨ। ਇਨ੍ਹਾਂ ਵਿੱਚੋਂ 260 ਦੇ ਕਰੀਬ ਆਸਾਮੀਆਂ ’ਤੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਦੇ ਮੁਲਾਜ਼ਮਾਂ ਨੂੰ ਡੈਪੂਟੇਸ਼ਨ ’ਤੇ ਸੱਦ ਕੇ ਪੰਜਾਬ ਕੋਟੇ ’ਤੇ ਗਲਬਾ ਕਾਇਮ ਕੀਤਾ ਗਿਆ ਹੈ। ਪਿਛਲੀ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਦਮ ਨਾ ਚੁੱਕਣ ਕਾਰਨ ਸੂਬੇ ਨੂੰ ਦੋ ਪਾਸਿਓਂ ਮਾਰ ਪਈ ਹੈ। ਇੱਕ ਪਾਸੇ ਬੀਬੀਐਮਬੀ ਪ੍ਰਸ਼ਾਸਨ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਉਪਰ ਠੇਕੇ ’ਤੇ ਭਰਤੀ ਕਰ ਕੇ ਬਾਹਰਲੇ ਮੁਲਾਜ਼ਮਾਂ ਦਾ ਗਲਬਾ ਕਾਇਮ ਕਰ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਹਿੱਸੇ ਦੀ ਰਾਸ਼ੀ ਨਿਰੰਤਰ ਇਸ ਅਦਾਰੇ ਨੂੰ ਦੇ ਰਹੀ ਹੈ। ਪੰਜਾਬ ਦਾ ਸਰਮਾਇਆ ਸੂਬੇ ਦੇ ਡੈਪੂਟੇਸ਼ਨ ਕੋਟੇ ਦੀਆਂ ਆਸਾਮੀਆਂ ਉਪਰ ਬੀਬੀਐਬੀ ਵਿੱਚ ਤਾਇਨਾਤ ਹੋਰ ਰਾਜਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਰੁੜ੍ਹ ਰਿਹਾ ਹੈ। ਨਵੀਂ ਵਿਸ਼ੇਸ਼ ਭਰਤੀ ਸਦਕਾ ਕੈਪਟਨ ਸਰਕਾਰ ਪੰਜਾਬ ਦੇ 800 ਨੌਜਵਾਨਾਂ ਨੂੰ ‘ਮੁਫਤੋ-ਮੁਫਤੀ’ ਰੁਜ਼ਗਾਰ ਦੇਣ ਵਿੱਚ ਕਾਮਯਾਬ ਹੋ ਜਾਵੇਗੀ ਕਿਉਂਕਿ ਬੀਬੀਐਮਬੀ ਨੂੰ ਸੂਬਾ ਸਰਕਾਰ ਆਪਣੇ ਹਿੱਸੇ ਦੀ ਰਾਸ਼ੀ ਪਹਿਲਾਂ ਹੀ ਦੇ ਰਹੀ ਹੈ।
ਦੱਸਣਯੋਗ ਹੈ ਕਿ ਬੀਬੀਐਮਬੀ ਉਪਰ ਹਿਮਾਚਲ ਦੇ ਅਧਿਕਾਰੀ ਭਾਰੂ ਹੋਣ ਕਾਰਨ ਪੰਜਾਬ ਕੋਟੇ ਦੀਆਂ ਆਸਾਮੀਆਂ ’ਤੇ ਘੱਟੋ-ਘੱਟ 11 ਜੂਨੀਅਰ ਇੰਜਨੀਅਰ, 9 ਜੇਬੀਟੀ ਟੀਚਰ, 11 ਲੈਕਚਰਾਰ ਅਤੇ 8 ਮਾਸਟਰ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ 20 ਕਲਰਕ, 15 ਯੂਡੀਸੀ, 23 ਇਲੈਕਟ੍ਰੀਸ਼ੀਅਨ ਗਰੇਡ-1 ਸਪੈਸ਼ਲ, ਦਸ ਰਾਜ ਮਿਸਤਰੀ, ਚਾਰ ਸੀਨੀਅਰ ਏਓ, ਇੱਕ ਲੋਕ ਸੰਪਰਕ ਅਧਿਕਾਰੀ, ਛੇ ਸੈਕਸ਼ਨ ਅਫ਼ਸਰਾਂ ਸਮੇਤ ਸੈਨੇਟਰੀ ਸੁਪਰਵਾਈਜ਼ਰ, ਆਰਟ ਐਂਡ ਕਰਾਫਟ ਆਧਿਆਪਕ, ਡੀਪੀਈ, ਸੰਸਕ੍ਰਿਤ ਅਧਿਆਪਕ, ਸਟੋਰ ਕੀਪਰ, ਸਿਹਤ ਸਹਾਇਕ, ਸਕਿੱਲ ਲੇਬਰ, ਫੋਰਮੈਨ, ਫਾਇਰ ਸਟੇਸ਼ਨ ਅਫ਼ਸਰ, ਕਿਸ਼ਤੀ ਚਾਲਕ, ਪੇਂਟਰ ਆਦਿ ਹੋਰਨਾਂ ਰਾਜਾਂ ਦੇ ਨਿਯੁਕਤ ਕੀਤੇ ਗਏ ਹਨ।