ਨੰਗਲ, 21 ਮਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨਾਲ ਚੱਲ ਰਹੇ ਲੀਜ਼ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਕੇਂਦਰ ਨਾਲ ਤਾਲਮੇਲ ਕਰਕੇ ਢੁੱਕਵੇਂ ਉਪਰਾਲੇ ਕਰ ਰਹੀ ਹੈ ਤੇ ਆਸ ਹੈ ਕਿ ਜਲਦੀ ਹੀ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਯੋਗ ਸਾਧਨਾ ਆਸ਼ਰਮ ਨੰਗਲ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ। ਇਸ ਮੌਕੇ ਪਦਮਸ੍ਰੀ ਵਿਜੇ ਚੋਪੜਾ ਤੇ ਸਵਾਮੀ ਜੋਗਿੰਦਰਪਾਲ ਵੀ ਹਾਜ਼ਰ ਸਨ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਕੀਤੇ ਵਿਕਾਸ ਦੇ ਵਾਅਦੇ ਨੂੰ ਵਫ਼ਾ ਕਰਨ ਲਈ ਉਹ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਨੰਗਲ ਵਿੱਚ 170 ਕਰੋੜ ਰੁਪਏ ਦੀ ਲਾਗਤ ਨਾਲ ਫਲਾਈਓਵਰ ਅਤੇ 8 ਕਰੋੜ ਦੀ ਲਾਗਤ ਨਾਲ ਢੋਲਾਂ ਵਾਲਾ ਪੁਲ਼ ਉਸਾਰਨ ਦਾ ਕੰਮ ਕੁਝ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਯੋਗ ਆਸ਼ਰਮ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੌਂਸਲ ਦੇ ਪ੍ਰਧਾਨ ਅਸ਼ੋਕ ਪੁਰੀ, ਨਗਰ ਸੁਧਾਰ ਟਰੱਸਟ ਰੁਪਨਗਰ ਦੇ ਸਾਬਕਾ ਚੇਅਰਮੈਨ ਅਸ਼ੋਕ ਸਵਾਮੀਪੁਰ, ਉਮਾਕਾਂਤ ਸ਼ਰਮਾ, ਸਮਾਜ ਸੇਵਕ ਰਾਕੇਸ਼ ਨੱਈਅਰ, ਕੌਂਸਲਰ ਵਿਦਿਆ ਸਾਗਰ ਤੇ ਹੋਰ ਹਾਜ਼ਰ ਸਨ। ਇਸ ਤੋਂ ਇਲਾਵਾ ਰਾਣਾ ਕੇਪੀ ਸਿੰਘ ਨੇ ਪੱਸੀਵਾਲ ਵਿਖੇ ਸਵਾਮੀ ਗੁਪਤਾ ਨੰਦ ਦੇ ਆਸ਼ਰਮ ’ਚ ਇਕ ਵਿਸ਼ੇਸ਼ ਧਾਰਮਿਕ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਆਸ਼ਰਮ ਦੇ ਮੁੱਖ ਸਰਪ੍ਰਸਤ ਸਵਾਮੀ ਗੋਪਾਲਾ ਨੰਦ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਇੱਥੇ ਪੁੱਜਣ ’ਤੇ ਸਨਮਾਨ ਕੀਤਾ। ਸਪੀਕਰ ਨੇ ਆਸ਼ਰਮ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ।