ਮੁੱਲਾਂਪੁਰ ਦਾਖਾ/ਲੁਧਿਆਣਾ, ਪੰਜਾਬ ਸਰਕਾਰ ਵਲੋਂ ਨਸ਼ਾ ਛੱਡਣ ਵਾਲਿਆਂ ਲਈ ਮੁਫ਼ਤ ਇਲਾਜ ਕਰਵਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਸਥਾਨਕ ਕਸਬੇ ਅੰਦਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਪਹਿਲਕਦਮੀ ਕੀਤੀ ਹੈ ਜਿਸ ਦਾ ਸਿਹਰਾ ਮਹੰਤ ਕਮਲ ਤੇ ਕੌਂਸਲਰ ਜਸਵਿੰਦਰ ਸਿੰਘ ਹੈਪੀ ਨੂੰ ਜਾਂਦਾ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਘਰ ਜਾ ਕੇ ਕਿਹਾ ਕਿ ਉਹ ਮੁਫਤ ਇਲਾਜ ਕਰਵਾਉਣ। ਉਨ੍ਹਾਂ ਖਿਲਾਫ਼ ਸਰਕਾਰ ਵਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਸ੍ਰੀ ਬਿੱਟੂ ਨੇ ਕਸਬੇ ਵਿਚੋਂ 5 ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਭੇਜਿਆ। ਉਨ੍ਹਾਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣਾ ਛੱਡਣ ਦੀ ਚਿਤਾਵਨੀ ਵੀ ਦਿੱਤੀ। ਸ੍ਰੀ ਬਿੱਟੂ ਨੇ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਹਲਕਾ ਇੰਚਾਰਜ ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ ਕਾਂਗਰਸ, ਪ੍ਰਧਾਨ ਤੇਲੂ ਰਾਮ ਬਾਂਸਲ, ਬਲਾਕ ਪ੍ਰਧਾਨ ਭਜਨ ਸਿੰਘ ਦੇਤਵਾਲ, ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਸਰਬਜੀਤ ਕੌਰ ਨਾਹਰ, ਜਸਵੀਰ ਕੌਰ ਸੱਗੂ ਹਾਜ਼ਰ ਸਨ।