ਪਟਿਆਲਾ, 26 ਜੂਨ
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਵੇਂ ਹਲਕੀ ਬਾਰਸ਼ ਹੋਈ ਹੈ, ਇਸ ਦੇ ਬਾਵਜੂਦ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ ਦਾ ਸਿਖ਼ਰਲਾ ਅੰਕੜਾ ਅੱਜ ਬਾਅਦ ਦੁਪਹਿਰ 12410 ਮੈਗਾਵਾਟ ’ਤੇ ਅੱਪੜ ਗਿਆ, ਜੋ ਕੱਲ੍ਹ ਨਾਲੋਂ 345 ਮੈਗਾਵਾਟ ਵੱਧ ਹੈ|
ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਤੇ ਕਿਣਮਿਣ ਮਗਰੋਂ ਬਿਜਲੀ ਦੀ ਮੰਗ ਦਾ ਲੋਡ ਇੱਕ ਵਾਰ 10500 ਮੈਗਾਵਾਟ ’ਤੇ ਪੁੱਜ ਗਿਆ ਸੀ, ਪਰ ਉਸ ਮਗਰੋਂ ਬਿਜਲੀ ਦੀ ਮੰਗ ਵਿੱਚ ਫਿਰ ਵਾਧਾ ਹੋਣਾ ਜਾਰੀ ਰਿਹਾ ਤੇ ਬਾਅਦ ਦੁਪਹਿਰ ਨੂੰ ਮੰਗ ਫਿਰ ਪਿਛਲੇ ਰਿਕਾਰਡ ਨੂੰ ਮਾਤ ਪਾ ਗਈ| ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਉਂਦੇ ਦਿਨਾਂ ਵਿੱਚ ਮੀਂਹ ਨਹੀਂ ਪੈਂਦਾ ਤਾਂ ਬਿਜਲੀ ਦੀ ਮੰਗ ਤੇ ਸਪਲਾਈ ਦਾ ਤਵਾਜ਼ਨ ਵਿਗੜ ਸਕਦਾ ਹੈ| ਉਂਜ, ਪਾਵਰਕੌਮ ਮੈਨੇਜਮੈਂਟ ਵੱਲੋਂ 13000 ਮੈਗਾਵਾਟ ਤੱਕ ਬਿਜਲੀ ਦੇ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਹਨ। ਪਾਵਰਕੌਮ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਮੰਗ ਤੇ ਸਪਲਾਈ ਦਾ ਤਵਾਜ਼ਨ ਕਾਇਮ ਹੈ| ਉਨ੍ਹਾਂ ਆਖਿਆ ਕਿ ਫਿਲਹਾਲ ਬਿਜਲੀ ਦੀ ਰਿਕਾਰਡ ਮੰਗ ਨਾਲ ਅਦਾਰਾ ਪੂਰੀ ਤਰ੍ਹਾਂ ਦੋ ਹੱਥ ਕਰ ਰਿਹਾ ਹੈ| ਉਧਰ, ਅੱਜ ਸਵੇਰੇ ਸਰਹਿੰਦ ਦੇ ਚੌਰ ਵਾਲਾ ਸਬ-ਡਿਵੀਜ਼ਨ ਵਿੱਚ ਆਏ ਅਚਨਚੇਤੀ ਚੱਕਰਵਰਤੀ ਤੂਫਾਨ ਨਾਲ ਪਾਵਰਕੌਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ| ਦੱਸਿਆ ਜਾ ਰਿਹਾ ਹੈ ਕਿ ਇਸ ਤੂਫ਼ਾਨ ਕਾਰਨ ਸਬ ਡਿਵੀਜ਼ਨ ਦੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਸੌ ਦੇ ਕਰੀਬ ਖੰਭੇ ਅਤੇ 35 ਦੇ ਕਰੀਬ ਟਰਾਂਸਫਾਰਮਰ ਨੁਕਸਾਨੇ ਗਏ ਹਨ| ਪਾਵਰਕੌਮ ਦੇ ਮੁੱਖ ਦਫ਼ਤਰ ਨੇ ਇਸ ਨੁਕਸਾਨ ਬਾਰੇ ਦੋ ਦਿਨਾਂ ਅੰਦਰ ਰਿਪੋਰਟ ਮੰਗ ਲਈ ਹੈ।