ਧਾਰੀਵਾਲ/ਬਟਾਲਾ, 21 ਮਈ
ਬਿਆਸ ਦਰਿਆ ਵਿੱਚ ਕੀੜੀ ਅਫ਼ਗਾਨਾ ਖੰਡ ਮਿੱਲ ਦਾ ਸੀਰਾ ਪੈਣ ਕਾਰਨ ਭਾਵੇਂ ਵੱਡੀ ਗਿਣਤੀ ਵਿੱਚ ਮੱਛੀਆਂ ਤੇ ਹੋਰ ਜਲ ਜੀਵ ਮਰ ਗਏ ਹਨ, ਪਰ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬਿਆਸ ਦਰਿਆ ਵਿੱਚ ਛੱਡੇ ਘੜਿਆਲ ਸੁਰੱਖਿਅਤ ਮਿਲ ਗਏ ਹਨ। ਇਸ ਦੀ ਪੁਸ਼ਟੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਮਹਾਂਵੀਰ ਸਿੰਘ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਗਗੜੇਵਾਲ ਖੇਤਰ ਵਿੱਚ ਵਿਭਾਗ ਦੀਆਂ ਟੀਮਾਂ ਨੇ ਘੜਿਆਲਾਂ ਦੀ ਭਾਲ ਕਰ ਲਈ ਹੈ, ਜੋ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਇਕ-ਦੋ ਡੌਲਫਿਨਜ਼ ਤੋਂ ਇਲਾਵਾ ਬਾਕੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸਾਰੀਆਂ ਡੌਲਫਿਨਜ਼ ਜ਼ਹਿਰੀਲੇ ਸੀਰੇ ਦੇ ਪ੍ਰਭਾਵ ਤੋਂ ਬਚ ਗਈਆਂ ਹੋਣਗੀਆਂ। ਮਹਾਂਵੀਰ ਸਿੰਘ ਨੇ ਕਿਹਾ ਕਿ ਮਿੱਲ ਦੇ ਸੀਰੇ ਦੇ ਰਿਸਾਵ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਮੱਛੀਆਂ ਤੇ ਹੋਰ ਜਲ ਜੀਵ ਮਰ ਗਏ ਹਨ। ਦਰਿਆ ਵਿੱਚ ਮੱਛੀਆਂ ਦੀ ਗਿਣਤੀ ਦੁਬਾਰਾ ਵਧਣ ਨੂੰ ਅਜੇ ਕਾਫ਼ੀ ਸਮਾਂ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਦਰਿਆ ਬਿਆਸ ਵਿੱਚ ਆਪਣੀ ਖੋਜ ਜਾਰੀ ਹੈ ਤਾਂ ਜੋ ਜਲ ਜੀਵਾਂ ਦੇ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲਾ ਕੇ ਇਸ ਨੁਕਸਾਨ ਦੀ ਪੂਰਤੀ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤ੍ਰਾਸਦੀ ਬਾਰੇ ਆਉਂਦੇ ਇੱਕ ਦੋ ਦਿਨਾਂ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਭਵਿੱਖ ਦੀ ਯੋਜਨਾ ਬਾਰੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਆਸ ਦਰਿਆ ਦੀਆਂ ਮਰੀਆਂ ਮੱਛੀਆਂ ਬਿਲਕੁਲ ਨਾ ਖਾਣ। ਲੋਕ ਪਸ਼ੂਆਂ ਨੂੰ ਵੀ ਬਿਆਸ ਦਰਿਆ ਦਾ ਪਾਣੀ ਨਾ ਪਿਲਾਉਣ ਅਤੇ ਨਾ ਹੀ ਇਸ ਦੀ ਹੋਰ ਕੰਮਾਂ ਲਈ ਵਰਤੋਂ ਕਰਨ।