ਬਾਲੀਵੁੱਡ ਅਤੇ ਟੀ.ਵੀ. ਜਗਤ ਲਈ ਅੱਜ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 74 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਆਪਣੀ ਆਖਰੀ ਸਾਹ ਲੈ ਗਏ। ਜਾਣਕਾਰੀ ਮੁਤਾਬਕ, ਉਹ ਲੰਬੇ ਅਰਸੇ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਕਿਡਨੀ ਫੇਲ ਹੋਣ ਕਾਰਨ ਉਨ੍ਹਾਂ ਨੂੰ ਦਾਦਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਇਸ ਖ਼ਬਰ ਨੇ ਫਿਲਮ ਇੰਡਸਟਰੀ ਵਿੱਚ ਸੋਗ ਫੈਲਾ ਦਿੱਤਾ ਹੈ।
ਉਨ੍ਹਾਂ ਦੇ ਕਰੀਬੀ ਦੋਸਤ ਅਤੇ ਡਾਇਰੈਕਟਰ ਅਸ਼ੋਕ ਪੰਡਿਤ ਨੇ ਆਪਣੇ ਐੱਕਸ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਵੀਡੀਓ ਵਿੱਚ ਉਨ੍ਹਾਂ ਕਿਹਾ, “ਸਤੀਸ਼ ਸ਼ਾਹ ਪਹਿਲਾਂ ਘਰ ਵਿੱਚ ਸਨ। ਫਿਰ ਉਨ੍ਹਾਂ ਦੀ ਕਿਡਨੀ ਫੇਲ ਹੋਣ ਕਾਰਨ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।” ਅਸ਼ੋਕ ਪੰਡਿਤ ਨੇ ਇਹ ਵੀ ਦੱਸਿਆ ਕਿ ਸਤੀਸ਼ ਸ਼ਾਹ ਦਾ ਅੰਤਿਮ ਸੰਸਕਾਰ 26 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਸਤੀਸ਼ ਸ਼ਾਹ ਨੇ ਆਪਣੇ ਲੰਮੇ ਕਰੀਅਰ ਵਿੱਚ ਕਈ ਮਸ਼ਹੂਰ ਫਿਲਮਾਂ ਵਿੱਚ ਕਾਮੇਡੀ ਰੋਲ ਨਿਭਾਏ ਹਨ। ਉਨ੍ਹਾਂ ਨੇ 1978 ਵਿੱਚ ਫਿਲਮ “ਅਜੀਬ ਦਾਸਤਾਨ” ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੀਆਂ ਯਾਦਗਾਰੀਆਂ ਫਿਲਮਾਂ ਵਿੱਚ ‘ਮੁਝਸੇ ਸ਼ਾਦੀ ਕਰੋਗੀ’, ‘ਕਲ ਹੋ ਨਾ ਹੋ’, ‘ਕਭੀ ਹਾਂ ਕਭੀ ਨਾ’, ‘ਹਮ ਸਾਥ ਸਾਥ ਹੈਂ’, ‘ਮੁਝਸੇ ਦੋਸਤੀ ਕਰੋਗੇ’, ‘ਇਸ਼ਕ ਵਿਸ਼ਕ’, ‘ਹਮ ਆਪਕੇ ਹੈਂ ਕੌਣ’, ‘ਹੀਰੋ ਨੰਬਰ-1’, ‘ਨਰਸਿਮਹਾ’, ‘ਪੁਰਾਣਾ ਮੰਦਰ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅਤੇ ‘ਰਾਮਈਆ ਵਸਤਾਵਈਆ ਨਾਮ’ ਸ਼ਾਮਲ ਹਨ। ਉਨ੍ਹਾਂ ਨੂੰ ਟੀ.ਵੀ. ਵਿੱਚ ਵੀ ਬਹੁਤ ਪਿਆਰ ਮਿਲਿਆ, ਖਾਸ ਕਰਕੇ ‘ਸਰਭਾਈ ਵਰਸਸ ਸਰਭਾਈ’ ਵਿੱਚ ਇੰਦ੍ਰਵਦਨ ਸਰਭਾਈ ਦੇ ਰੋਲ ਲਈ।














