ਚੰਡੀਗੜ੍ਹ, ਪੰਜਾਬ ਸਰਕਾਰ ਨੇ ਭਲਕੇ 28 ਫਰਵਰੀ ਤੋਂ ਸ਼ੁਰੂ ਹੋ ਰਹੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਲਈ ਸੇਵਾਮੁਕਤ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ’ਤੇ ਅਧਾਰਿਤ ਉੱਡਣ ਦਸਤੇ ਬਣਾਏ ਹਨ ਜੋ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨਗੇ।
ਇਸ ਤੋਂ ਇਲਾਵਾ ਜਿਹੜੇ ਖੇਤਰਾਂ ਵਿੱਚ ਵੱਧ ਨਕਲ ਹੋਣ ਦੇ ਸੰਕੇਤ ਹਨ, ਉਥੋਂ ਦੀ ਕਮਾਂਡ ਖੁਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੰਭਾਲ ਲਈ ਹੈ ਅਤੇ ਉਹ ਅੱਜ ਸ਼ਾਮ ਹੀ ਅਣਦੱਸੇ ਜ਼ਿਲ੍ਹੇ ਵੱਲ ਰਵਾਨਾ ਹੋ ਗਏ ਹਨ।  ਡੀਜੀਐੱੱਸਈ ਤੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ, ਡੀਪੀਆਈਜ਼ ਪਰਮਜੀਤ ਸਿੰਘ ਤੇ ਇੰਦਰਜੀਤ ਸਿੰਘ, ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਆਦਿ ਅਧਿਕਾਰੀਆਂ ਨੂੰ ਵੱਖ-ਵੱਖ ਜ਼ੋਨਾਂ ਦੀ ਕਮਾਂਡ ਸੌਂਪ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ 28 ਫਰਵਰੀ ਤੋਂ 12ਵੀਂ ਦੀਆਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਲਈ ਸੂਬੇ ਵਿੱਚ ਕੁੱਲ੍ਹ 2596 ਪ੍ਰੀਖਿਆ ਕੇਂਦਰ ਬਣਾਏ ਹਨ ਅਤੇ 3,40,075 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋ ਰਹੇ ਹਨ। ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ 5-5 ਸੇਵਾਮੁਕਤ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਰਣਨੀਤੀ ਬਣਾਈ ਹੈ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਨਕਲ ਰੋਕਣ ਦੇ ਸਾਰੇ ਅਧਿਕਾਰ ਦਿੱਤੇ ਹਨ। ਇਸੇ ਦੌਰਾਨ ਗਰਭਵਤੀ ਮਹਿਲਾ ਮੁਲਾਜ਼ਮਾਂ, ਕੈਂਸਰ ਦੇ ਮਰੀਜ਼ ਮੁਲਾਜ਼ਮਾਂ ਅਤੇ 58 ਸਾਲ ਤੋਂ ਬਾਅਦ ਵਾਧੇ ’ਤੇ ਚੱਲ ਰਹੇ ਮੁਲਾਜ਼ਮਾਂ ਨੂੰ ਲੋੜੀਂਦੇ ਦਸਤਾਵੇਜ਼ ਦਿਖਾਉਣ ਤੋਂ ਬਾਅਦ ਡਿਊਟੀਆਂ ਤੋਂ ਛੋਟ ਦੇਣ ਦਾ ਫੈਸਲਾ ਲਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਪ੍ਰੀਖਿਆ ਕੇਂਦਰਾਂ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਪਾਰਦਰਸ਼ੀ ਢੰਗ ਨਾਲ ਲਾਈਆਂ ਗਈਆਂ ਹਨ ਅਤੇ ਕੁਝ ਮੁਲਜ਼ਮਾਂ ਦੀਆਂ ਹੀ ਡਿਊਟੀਆਂ ਘਰਾਂ ਤੋਂ ਕੁਝ ਦੂਰ ਹਨ। ਉਨ੍ਹਾਂ ਦੱਸਿਆ ਕਿ ਕੁਝ ਮੁਲਾਜ਼ਮ ਜੋ ਪਹਿਲਾਂ ਹੀ ਆਪਣੇ ਘਰਾਂ ਤੋਂ ਕਾਫੀ ਦੂਰ ਸਕੂਲਾਂ ਵਿਚ ਤਾਇਨਾਤ ਸਨ, ਉਹ ਆਪਣੇ ਘਰਾਂ ਤੋਂ ਪ੍ਰੀਖਿਆ ਕੇਂਦਰਾਂ ਦੇ ਕਿਲੋਮੀਟਰ ਮਿਣ ਕੇ ਦੂਰ ਡਿਊਟੀਆਂ ਲਗਣ ਦੀ ਗੱਲ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਤਾਇਨਾਤੀ ਵਾਲੇ ਸਕੂਲ ਨੂੰ ਅਧਾਰ ਬਣਾ ਕੇ ਡਿਊਟੀਆਂ ਲਾਈਆਂ ਹਨ। ਇਸ ਵਾਰ ‘ਵਿਸ਼ੇਸ਼’ ਵਿਦਿਆਰਥੀਆਂ ਲਈ ਲਿਖਾਰੀ ਦਾ ਪ੍ਰਬੰਧ ਕਰਨ ਲਈ ਨਿਰਧਾਰਤ ਫੀਸ ਖ਼ਤਮ ਕਰ ਦਿੱਤੀ ਹੈ ਅਤੇ ਪ੍ਰੀਖਿਆ ਕੇਂਦਰਾਂ ’ਤੇ ਹੀ ਲਿਖਾਰੀਆਂ ਦੀ ਮਨਜ਼ੂਰੀ ਦੇਣ ਦੇ ਹੁਕਮ ਜਾਰੀ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਸੂਬੇ ਵਿੱਚ 56 ਸੰਵੇਦਨਸ਼ੀਲ ਪ੍ਰੀਖਿਆ ਕੇਂਦਰ ਐਲਾਨੇ ਗਏ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 11 ਸੰਵੇਦਨਸ਼ੀਲ ਕੇਂਦਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਨ। ਦੂਸਰੇ ਨੰਬਰ ’ਤੇ ਅੰਮ੍ਰਿਤਸਰ ਦੇ 10 ਕੇਂਦਰ ਸੰਵੇਦਨਸ਼ੀਲ ਐਲਾਨੇ ਹਨ। ਜ਼ਿਲ੍ਹਾ ਬਰਨਾਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਮੁਕਤਸਰ, ਪਟਿਆਲਾ, ਨਵਾਂ ਸ਼ਹਿਰ, ਸੰਗਰੂਰ ਅਤੇ ਮੁਹਾਲੀ ਦਾ ਇਕ ਵੀ ਪ੍ਰੀਖਿਆ ਕੇਂਦਰ ਸੰਵੇਦਨਸ਼ੀਲ ਨਹੀਂ ਹੈ।

ਨਕਲ ਕਰਵਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਕ੍ਰਿਸ਼ਨ ਕੁਮਾਰ 
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜਿਹੜੇ ਪ੍ਰੀਖਿਆ ਕੇਂਦਰ ਵਿੱਚ ਸਮੂਹਿਕ ਨਕਲ ਮਰਵਾਉਣ ਦਾ ਮਾਮਲਾ ਸਾਹਮਣੇ ਆਇਆ, ਉਥੇ ਸਮੁੱਚੇ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਕੇਂਦਰ ਦੇ ਸਮੁੱਚੇ ਸਟਾਫ ਨੂੰ ਤੁਰੰਤ ਚਾਰਜਸ਼ੀਟਾਂ ਜਾਰੀ ਕਰਕੇ ਉਨ੍ਹਾਂ ਵਿਰੁੱਧ ਸਮਾਂਬੱਧ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।