ਬਾਰਸੀਲੋਨਜ਼, ਸਪੈਨਿਸ਼ ਲੀਗ ਦੇ ਮੌਜੂਦਾ ਚੈਂਪੀਅਨ ਬਾਰਸੀਲੋਨਾ ਦੇ ਨਵੇਂ ਕਪਤਾਨ ਲਾਇਨਲ ਮੈਸੀ ਨੇ ਕਿਹਾ ਕਿ ਟੀਮ ਨੂੰ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ਡਿਫੈਂਸ ਮਜ਼ਬੂਤ ਕਰਨਾ ਹੋਵੇਗਾ। ਮੈਸੀ ਦੀ ਕਪਤਾਨੀ ਵਿੱਚ ਟੀਮ ਸ਼ੁਰੂ ਦੇ ਤਿੰਨ ਮੈਚਾਂ ਦੇ ਸੰਭਾਵਿਤ ਨੌਂ ਅੰਕਾਂ ਵਿੱਚੋਂ ਸਿਰਫ਼ ਦੋ ਅੰਕ ਲੈ ਸਕੀ ਹੈ। ਐਟਲੈਟਿਕੋ ਬਿਲਬਾਓ ਖ਼ਿਲਾਫ਼ ਖੇਡਿਆ ਗਿਆ ਮੈਚ 1-1 ਨਾਲ ਡਰਾਅ ਰਿਹਾ। ਇਸ ਮੈਚ ਵਿੱਚ ਟੀਮ ਜ਼ਿਆਦਾਤਰ ਸਮਾਂ 1-0 ਨਾਲ ਪੱਛੜ ਰਹੀ ਸੀ। ਮੈਚ ਦੇ 84ਵੇਂ ਮਿੰਟ ਵਿੱਚ ਮੁਨਿਰ ਅਲ ਹਦਾਦੀ ਨੇ ਮੈਸੀ ਦੀ ਮਦਦ ਨਾਲ ਗੋਲ ਕਰਕੇ ਮੁਸ਼ਕਲ ਨਾਲ ਮੈਚ ਨੂੰ ਡਰਾਅ ਕਰਵਾਇਆ। ਇਸ ਤੋਂ ਪਹਿਲਾਂ ਟੀਮ ਨੇ ਗਿਰੋਨਾ ਨਾਲ 2-2 ਗੋਲਾਂ ਨਾਲ ਡਰਾਅ ਖੇਡਿਆ ਅਤੇ ਲੈਗਾਨੇਸ ਤੋਂ ਉਸ ਨੂੰ 2-1 ਨਾਲ ਹਾਰ ਮਿਲੀ।
ਆਮ ਤੌਰ ’ਤੇ ਸਪੇਨ ਦੇ ਪੱਤਰਕਾਰਾਂ ਤੋਂ ਬਚਣ ਵਾਲੇ ਮੈਸੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ ਖ਼ਰਾਬ ਪ੍ਰਦਰਸ਼ਨ ਤੋਂ ਉਭਰਨ ਲਈ ਬਾਰਸੀਲੋਨਾ ਨੂੰ ਆਪਣਾ ਡਿਫੈਂਸ ਮਜ਼ਬੂਤ ਕਰਨਾ ਹੋਵੇਗਾ। ਬਾਰਸੀਲੋਨਾ ਲਈ ਸਭ ਤੋਂ ਵੱਧ ਗੋਲ ਦਾਗ਼ਣ ਵਾਲੇ ਇਸ ਖਿਡਾਰੀ ਨੇ ਕਿਹਾ, ‘‘ਅਸੀਂ ਅਜਿਹੇ ਨਤੀਜਿਆਂ ਤੋਂ ਨਾਰਾਜ਼ ਹਾਂ। ਸਾਨੂੰ ਪਤਾ ਹੈ ਕਿ ਡਿਫੈਂਸ ਨੂੰ ਮਜ਼ਬੂਤ ਹੋਣਾ ਪਵੇਗਾ ਅਤੇ ਹਰ ਮੈਚ ਵਿੱਚ ਗੋਲ ਗੁਆਉਣ ਤੋਂ ਬਚਣਾ ਹੋਵੇਗਾ। ਪਿਛਲੇ ਸਾਲ ਸਾਡੇ ਖਿਲਾਫ਼ ਗੋਲ ਕਰਨਾ ਮੁਸ਼ਕਲ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ।’’ ਬਾਰਸੀਲੋਨਾ ਨੇ ਬੁੱਧਵਾਰ ਨੂੰ ਚੈਂਪੀਅਨਜ਼ ਲੀਗ ਦੇ ਮੁਕਾਬਲੇ ਲਈ ਵੈਂਬਲੇ ਸਟੇਡੀਅਮ ਜਾਣਾ ਹੈ, ਜਿੱਥੇ ਗਰੁਪ ‘ਬੀ’ ਦੇ ਮੈਚ ਵਿੱਚ ਉਸ ਦਾ ਸਾਹਮਣਾ ਹੈਰੀ ਕੇਨ ਦੀ ਟੀਮ ਟੋਟੇਨਹੇਮ ਨਾਲ ਹੋਵੇਗਾ।