ਪਟਿਆਲਾ, 20 ਨਵੰਬਰ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਲਈ ਨਰਮ ਸੁਰ ਅਪਣਾਈ ਹੋਈ ਹੈ| ਉਨ੍ਹਾਂ ਨੇ ਅਕਾਲੀ ਸਰਪੰਚਾਂ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਸਬੰਧੀ ਨਾਰਾਜ਼ਗੀ ਜ਼ਾਹਿਰ ਕੀਤੀ ਪਰ ਇਸ ਮਾਮਲੇ ਸਬੰਧੀ ਵੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਉਂਗਲ ਚੁੱਕਣ ਤੋਂ ਗੁਰੇਜ਼ ਕੀਤਾ| ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕੁਝ ਅਫਸ਼ਰਾਂ ਜ਼ਰੀਏ ਕਾਂਗਰਸੀ ਵਿਧਾਇਕਾਂ ਨੂੰ ਖੁਸ਼ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦੇ ਵਾਅਦਿਆਂ ਵਾਲੀ ਸਰਕਾਰ ਆਪਣੇ ਮੌਜੂਦਾ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਵੀ ਅਸਮਰੱਥ ਹੈ|
ਸ੍ਰੀ ਬਾਦਲ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਉਪਰੋਂ ਅਜਿਹੀ ਕੋਈ ਹਦਾਇਤ ਨਹੀਂ ਹੋਈ, ਸਿਰਫ਼ ਵਿਧਾਇਕ ਪੱਧਰ ’ਤੇ ਹੀ ਇਹ ਸਭ ਹੋ ਰਿਹਾ ਹੈ। ਉਹ ਪਿੰਡ ਰੱਖੜਾ ਵਿੱਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਮਰਹੂਮ ਕਰਤਾਰ ਸਿੰਘ ਧਾਲੀਵਾਲ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ| ਦੱਸਣਯੋਗ ਹੈ ਕਿ ਸਿਆਸੀ ਹਲਕਿਆਂ ਵਿੱਚ ਇਹ ਗੱਲ ਆਮ ਹੀ ਹੁੰਦੀ ਹੈ ਕਿ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਦੂਜੇ ਪ੍ਰਤੀ ਪਹਿਲਾਂ ਵਾਲਾ ਰਵੱਈਆ ਨਹੀਂ ਅਪਣਾਇਆ ਹੈ। ਅਕਾਲੀ ਦਲ ਵੱਲੋਂ ਕੋਈ ਵੱਖਰਾ ਰਾਜਸੀ ਸੰਘਰਸ਼ ਛੇੜੇ ਜਾਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਵਾਲੀ ਬਿਰਤੀ ਦੇ ਲੋਕ ਕੁਝ ਸਮੇਂ ਮਗਰੋਂ ਖ਼ੁਦ ਹੀ ਲੋਕਾਂ ਦੇ ਵਿਰੋਧ ਵਿੱਚ ਘਿਰ ਕੇ ਮਨਫ਼ੀ ਹੋ ਜਾਂਦੇ ਹਨ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਪਾਰੀ ਦੀ ਇੱਛਾ ਬਾਰੇ ਉਨ੍ਹਾਂ ਆਖਿਆ ਕਿ ਇਹ ਚੰਗੀ ਗੱਲ ਹੈ ਕਿਉਂਕਿ ਰਾਜਨੀਤੀ ਵਿੱਚ ਉਮਰ ਦੀ ਕੋਈ ਬੰਦਸ਼ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤੱਕ ਤਾਂ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਜੇ ਸਿਹਤ ਠੀਕ ਰਹੀ ਤਾਂ ਐਤਕੀਂ ਉਹ ਵਿਧਾਨ ਸਭਾ ਦੇ ਆਗਾਮੀ ਇਜਲਾਸ ਵਿੱਚ ਜਾਣ ਦੀ ਕੋਸ਼ਿਸ ਕਰਨਗੇ| ਉਨ੍ਹਾਂ ਨੇ ਇਜਲਾਸ ਨੂੰ ਲੰਮਾ ਕਰਨ ਸਬੰਧੀ ਹਾਂ ਪੱਖੀ ਰਵੱਈਆ ਅਪਣਾਇਆ ਤੇ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਤੇ ਵੀ ਪੈਸੇ ਦੀ ਤੋਟ ਨਹੀਂ ਆਉਣ ਦਿੱਤੀ ਸੀ| ਅਕਾਲ ਤਖ਼ਤ ਦੇ ਜਥੇਦਾਰ ਦੇ ਆਰ.ਐਸ.ਐਸ. ਦੇ ਪ੍ਰਭਾਵ ਹੇਠ ਰਹਿਣ ਦੇ ਸਵਾਲ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਅਕਾਲ ਤਖ਼ਤ ਸਰਬਉੱਚ ਹੈ ਤੇ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਉਹ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਤੇ ਨਾ ਹੀ ਅਕਾਲੀ ਦਲ ਦੇ ਪ੍ਰਧਾਨ, ਜੋ ਵੀ ਫ਼ੈਸਲਾ ਲੈਣਾ ਹੈ ਪਾਰਟੀ ਜਾਂ ਮੈਂਬਰਾਂ ਵੱਲੋਂ ਲਿਆ ਜਾਵੇਗਾ| ਇਸ ਮੌਕੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਅਬਲੋਵਾਲ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਮੌਜੂਦ ਸਨ|