ਲੰਡਨ, ਐਲੇਨ ਲੁਈਸ ਦੇ ਤੇਜ਼ਤਰਾਰ ਨੀਮ ਸੈਂਕੜੇ ਅਤੇ ਸੈਮੂਅਲ ਬਦਰੀ ਦੀ ਕਿਫਾਇਤੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਨੇ ਆਈਸੀਸੀ ਦੀ ਬਾਕੀ ਦੁਨੀਆਂ ਨੂੰ ਟੀ-20 ਰਿਲੀਫ਼ ਮੈਚ ਵਿੱਚ 72 ਦੌੜਾਂ ਨਾਲ ਹਰਾ ਦਿੱਤਾ। ਲਾਰਡ’ਜ਼ ਮੈਦਾਨ ’ਤੇ ਹਰੀਕੇਨ ਰਿਲੀਫ ਟੀ-20 ਚੈਲੰਜ ਮੈਚ ਵੈਸਟ ਇੰਡੀਜ਼ ਅਤੇ ਆਈਸੀਸੀ ਦੀ ਬਾਕੀ ਦੁਨੀਆਂ ਦੀ ਟੀਮ ਵਿਚਾਲੇ ਬੀਤ ਰਾਤ ਖੇਡਿਆ ਗਿਆ ਸੀ। ਮੈਚ ਵਿੱਚ ਸ਼ਾਹਿਦ ਅਫ਼ਰੀਦੀ ਦੀ ਕਪਤਾਨੀ ਵਾਲੀ ਬਾਕੀ ਦੁਨੀਆਂ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ ਓਵਰਾਂ ਵਿੱਚ ਚਾਰ ਵਿਕਟਾਂ ’ਤੇ 199 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਵੱਡੇ ਖਿਡਾਰੀਆਂ ਵਾਲੀ ਬਾਕੀ ਦੁਨੀਆਂ 16.4 ਓਵਰਾਂ ਵਿੱਚ 127 ਦੌੜਾਂ ’ਤੇ ਹੀ ਢੇਰ ਹੋ ਗਈ। ਤੂਫ਼ਾਨ ਨਾਲ ਨੁਕਸਾਨੇ ਗਏ ਸਟੇਡੀਅਮ ਦੀ ਉਸਾਰੀ ਲਈ ਪੈਸੇ ਇਕੱਠ ਕਰਨ ਦੇ ਮਕਸਦ ਨਾਲ ਖੇਡ ਰਹੀ ਵੈਸਟ ਇੰਡੀਜ਼ ਲਈ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਅਤੇ ਲੁਈਸ ਨੇ ਪਹਿਲੀ ਵਿਕਟ ਤੱਕ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਗੇਲ ਨੇ 28 ਗੇਂਦਾਂ ਵਿੱਚ 18 ਦੌੜਾਂ ਅਤੇ ਲੁਈਸ ਨੇ 26 ਗੇਂਦਾਂ ਵਿੱਚ ਪੰਜ ਚੌਕੇ ਅਤੇ ਪੰਜ ਛੱਕੇ ਮਾਰ ਕੇ 58 ਦੌੜਾਂ ਬਣਾਈਆਂ।
ਇਸ ਮੈਚ ਵਿੱਚ ਵੀ ਅਫ਼ਗਾਨਿਸਤਾਨ ਦੇ ਗੇਂਦਬਾਜ਼ ਰਾਸ਼ਿਦ ਖ਼ਾਨ ਨੇ ਕਮਾਲ ਵਿਖਾਇਆ। ਉਸ ਨੇ ਲੁਈਸ ਅਤੇ ਮੈਰਲੈਨ ਸੈਮੂਅਲਜ਼ (43) ਦੀਆਂ ਅਹਿਮ ਵਿਕਟਾਂ ਲਈਆਂ। ਦਿਨੇਸ਼ ਰਾਮਦੀਨ ਨੇ ਨਾਬਾਦ 44 ਅਤੇ ਆਂਦਰੇ ਰੱਸਲ ਨੇ ਨਾਬਾਦ 21 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਵੈਸਟਇੰਡੀਜ਼ ਨੇ ਚਾਰ ਵਿਕਟਾਂ ’ਤੇ 199 ਦੌੜਾਂ ਬਣਾਈਆਂ। ਬਾਕੀ ਦੁਨੀਆਂ ਵੱਲੋਂ ਰਾਸ਼ਿਦ ਨੇ ਚਾਰ ਓਵਰਾਂ ਵਿੱਚ 48 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਕਪਤਾਨ ਪਾਕਿਸਤਾਨੀ ਹਰਫ਼ਨਮੌਲਾ ਸ਼ਾਹਿਦ ਅਫਰੀਦੀ ਨੇ 34 ਦੌੜਾਂ ਦੇ ਕੇ ਇੱਕ ਵਿਕਟ ਲਈ। ਅਫਰੀਦੀ ਨੇ ਆਂਦਰੇ ਫਲੈਚਰ (ਸੱਤ) ਨੂੰ ਆਊਟ ਕੀਤਾ, ਜਦਕਿ ਪਾਕਿਸਤਾਨੀ ਖਿਡਾਰੀ ਸ਼ੋਏਬ ਮਲਿਕ ਨੇ ਸਲਾਮੀ ਬੱਲੇਬਾਜ਼ ਗੇਲ ਨੂੰ ਬਾਉਲਡ ਕੀਤਾ।