ਹਾਲਾਤ ਹੋਰ ਵਿਗੜਨ ਦਾ ਖਤਰਾ

ਬਰੈਂਪਟਨ, ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵੱਥ ਨੇ ਬੁੱਧਵਾਰ ਨੂੰ ਨਵੀਂ ਜਾਣਕਾਰੀ ਜਾਰੀ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਬਰੈਂਪਟਨ ਦੇ ਸਿਵਿਕ ਹਾਸਪਿਟਲ ਵਿੱਚ ਮਰੀਜ਼ਾਂ ਦੀ ਹੱਦੋਂ ਵੱਧ ਭੀੜ ਦਾ ਮਾਮਲਾ 2017 ਵਿੱਚ ਹੋਰ ਕੋਝਾ ਰੂਪ ਲੈ ਚੁੱਕਿਆ ਹੈ।ਸਹੀ ਦੇਖਭਾਲ ਲਈ ਓਕਿਊਪੈਂਸੀ ਦਰ ਪਹਿਲਾਂ ਹੀ 100 ਫੀ ਸਦੀ ਸੀ ਤੇ ਹੁਣ ਇਹ 109 ਫੀ ਸਦੀ ਤੱਕ ਅੱਪੜ ਚੁੱਕੀ ਹੈ।
ਹੌਰਵਥ ਨੇ ਆਖਿਆ ਕਿ ਸਰਕਾਰ ਨੂੰ ਇਸ ਵੇਲੇ ਓਨਟਾਰੀਓ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਹੈਲਥ ਕੇਅਰ ਵਿੱਚ ਸੁਧਾਰ ਕਰਨ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਨਾ ਕਿ ਉਸ ਵਿੱਚ ਕਟੌਤੀ ਕਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਬਰੈਂਪਟਨ ਵਾਸੀ ਪਹਿਲਾਂ ਤੋਂ ਹੀ ਇਹ ਜਾਣਦੇ ਸਨ ਕਿ ਜਿਸ ਦਿਨ ਬਰੈਂਪਟਨ ਸਿਵਿਕ ਹਾਸਪਿਟਲ ਖੁੱਲ੍ਹੇਗਾ ਉੱਥੇ ਮਰੀਜ਼ਾਂ ਦਾ ਤਾਂਤਾ ਲੱਗਿਆ ਹੋਵੇਗਾ।
ਹੌਰਵਥ ਨੇ ਆਖਿਆ ਕਿ ਕੀ ਤੁਸੀਂ ਇਸ ਦੀ ਕਲਪਨਾ ਵੀ ਕਰ ਸਕਦੇ ਹੋਂ ਕਿ ਜੇ ਵੇਟਿੰਗ ਰੂਮ ਵਿੱਚ ਕਈ ਘੰਟਿਆਂ ਤੋਂ ਤੁਹਾਡਾ ਬੱਚਾ ਪਿਆ ਹੋਵੇ ਜਾਂ ਤੁਹਾਡੀ ਮਾਂ ਹਾਲਵੇਅ ਵਿੱਚ ਪਈ ਹੋਵੇ ਤਾਂ ਕਿਹੋ ਜਿਹਾ ਲੱਗਦਾ ਹੈ? ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਕੋਈ ਕਮਰੇ ਮਰੀਜ਼ਾਂ ਲਈ ਬਚੇ ਹੀ ਨਹੀਂ। ਕੈਥਲੀਨ ਵਿੰਨ ਮਰੀਜ਼ਾਂ ਤੋਂ ਅਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਫਰੰਟ ਲਾਈਨ ਹੈਲਥਕੇਅਰ ਵਰਕਰਜ਼ ਤੋਂ ਮੂੰਹ ਫੇਰ ਚੁੱਕੀ ਹੈ।
ਹੌਰਵਥ ਨੇ ਹਾਸਲ ਕੀਤੀ ਜਾਣਕਾਰੀ ਦੇ ਅਧਾਰ ਉੱਤੇ ਦੱਸਿਆ ਕਿ ਬਰੈਂਪਟਨ ਸਿਵਿਕ ਹਾਸਪਿਟਲਜ਼ ਐਕਿਊਟ ਕੇਅਰ ਤੇ ਮੈਂਟਲ ਹੈਲਥ ਬੈੱਡਜ਼ 2017 ਵਿੱਚ ਆਪਣੇ ਵਿੱਤ ਤੋਂ ਉੱਪਰ ਭਰੇ ਹੋਏ ਸਨ। ਇਹ ਸਿਰਫ ਅੰਕੜੇ ਨਹੀਂ ਹਨ। ਇਹ ਉਹ ਓਨਟਾਰੀਓ ਵਾਸੀ ਹਨ ਜਿਨ੍ਹਾਂ ਨੂੰ ਦਰਦ ਵਿੱਚ ਵੀ ਹਾਲਵੇਅਜ਼ ਵਿੱਚ ਸਟਰੈਚਰਜ਼ ਉੱਤੇ ਸਮਾਂ ਟਪਾਉਣਾ ਪੈਂਦਾ ਹੈ ਤੇ ਉਨ੍ਹਾਂ ਦੀ ਕੋਈ ਪ੍ਰਾਈਵੇਸੀ ਵੀ ਨਹੀਂ ਰਹਿੰਦੀ ਤੇ ਬਹੁਤੀ ਵਾਰੀ ਉਨ੍ਹਾਂ ਕੋਲ ਖਾਣਾ ਵੀ ਨਹੀਂ ਹੁੰਦਾ। ਹਾਲਵੇਅ ਵਿੱਚ ਦਵਾਈ ਦੱਪਾ ਤੇ ਲੰਮੇਂ ਸਮੇਂ ਤੱਕ ਉਡੀਕ ਕੀਤਾ ਜਾਣਾ ਅਕਸਰ ਖਤਰਨਾਕ ਤੇ ਦਰਦਨਾਕ ਹੁੰਦਾ ਹੈ।
ਇਸ ਮੌਕੇ ਹੌਰਵਥ ਦੇ ਨਾਲ ਸੁਨੰਦਾ ਧੰਨਾ ਵੀ ਸੀ, ਜੋ ਕਿ ਬਰੈਂਪਟਨ ਸਿਵਿਕ ਹਾਸਪਿਟਲ ਵਿੱਚ ਪਿੱਛੇ ਜਿਹੇ ਮਰੀਜ਼ ਵਜੋਂ ਸਮਾਂ ਕੱਟ ਕੇ ਆਈ ਹੈ। ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਦਾ ਇਲਾਜ ਕੀਤਾ ਗਿਆ ਉਹ ਉਹੀ ਜਾਣਦੀ ਹੈ। ਉਸ ਨੇ ਦੱਸਿਆ ਕਿ ਬਰੈਂਪਟਨ ਸਿਵਿਕ ਦੇ ਵੱਖ ਵੱਖ ਹਾਲਵੇਅਜ਼ ਵਿੱਚ ਢਾਈ ਦਿਨ ਤੱਕ ਉਸ ਨੂੰ ਸਟਰੈਚਰ ਉੱਤੇ ਹੀ ਰੱਖਿਆ ਗਿਆ। ਉਹ ਆਪ ਇੱਕ ਰਜਿਸਟਰਡ ਨਰਸ ਹੈ ਜੋ ਟ੍ਰਿਲੀਅਮ ਹੈਲਥ ਪਾਰਟਨਰਜ਼ ਵਿਖੇ ਪ੍ਰੈਕਟਿਸ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਸਵੇਰ ਦੇ ਇੱਕ ਵਜੇ ਤੱਕ ਇੱਕ ਹਾਲਵੇਅ ਤੋਂ ਦੂਜੇ ਹਾਲਵੇਅ ਲਿਜਾਇਆ ਜਾਂਦਾ ਰਿਹਾ। ਉਸ ਦੀ ਕੋਈ ਪ੍ਰਾਈਵੇਸੀ ਨਹੀਂ ਸੀ। ਉਹ ਸੌਂ ਵੀ ਨਹੀਂ ਸਕੀ ਕਿਉਂਕਿ ਹਾਲਵੇਅ ਵਿੱਚ ਸਾਰਾ ਦਿਨ ਰੌਲਾ ਹੀ ਪਿਆ ਰਹਿੰਦਾ ਸੀ। ਇੱਥੇ ਹੀ ਬੱਸ ਨਹੀਂ ਉਸ ਨੂੰ ਪਹਿਲੇ ਡੇਢ ਦਿਨ ਤਾਂ ਖਾਣਾ ਹੀ ਨਹੀਂ ਮਿਲਿਆ। ਉਸ ਨੇ ਆਖਿਆ ਕਿ ਸਾਡੇ ਹਸਪਤਾਲਾਂ ਨੂੰ ਜੋ ਵੀ ਹੋ ਰਿਹਾ ਹੈ ਇਹ ਇਸ ਤਰ੍ਹਾਂ ਤਾਂ ਨਹੀਂ ਚੱਲਣਾ ਚਾਹੀਦਾ। ਇਸ ਲਈ ਕੁੱਝ ਕੀਤਾ ਜਾਣਾ ਚਾਹੀਦਾ ਹੈ।
ਓਨਟਾਰੀਓ ਹੌਸਪਿਟਲ ਐਸੋਸਿਏਸ਼ਨ ਨੇ ਪਿੱਛੇ ਜਿਹੇ ਆਖਿਆ ਸੀ ਕਿ ਇਨ੍ਹਾਂ ਸਿਆਲਾਂ ਵਿੱਚ ਹਸਪਤਾਲਾਂ ਵਿੱਚ ਲੋਕਾਂ ਦੀਆਂ ਦਿੱਕਤਾਂ ਹੋਰ ਵੱਧ ਸਕਦੀਆਂ ਹਨ। ਉਨ੍ਹਾਂ ਵਿੰਨ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਹਸਪਤਾਲਾਂ ਲਈ ਐਮਰਜੰਸੀ ਫੰਡਿੰਗ ਫੌਰਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਜਿੱਥੇ ਇੱਕ ਪਾਸੇ ਵਿੰਨ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਹਸਪਤਾਲਾਂ ਲਈ ਕਈ ਕਟੌਤੀਆਂ ਕੀਤੀਆਂ, ਕਈ ਤਰ੍ਹਾਂ ਦੇ ਫੰਡ ਰੋਕ ਦਿੱਤੇ ਉੱਥੇ ਹੀ ਪੈਟ੍ਰਿਕ ਬ੍ਰਾਊਨ ਦੇ ਕੰਜ਼ਰਵੇਟਿਵ ਪੂਰਵਜਾਂ ਨੇ 6,000 ਨਰਸਾਂ ਨੂੰ ਕੱਢਿਆ ਸੀ, 28 ਹਸਪਤਾਲ ਬੰਦ ਕਰਵਾਏ ਸਨ ਤੇ ਹਸਪਤਾਲ ਦੇ ਬੈੱਡਾਂ ਵਿੱਚ 7,000 ਦੀ ਕਟੌਤੀ ਕੀਤੀ ਸੀ।
ਪਰ ਹੌਰਵਥ ਨੇ ਆਖਿਆ ਕਿ ਹੈਲਥ ਕੇਅਰ ਸਾਡੀ ਤਰਜੀਹ ਹੈ। ਉਨ੍ਹਾਂ ਓਨਟਾਰੀਓ ਦੇ ਹਸਪਤਾਲਾਂ ਨੂੰ ਪੂਰੇ ਫੰਡ ਦੇਣ, ਆਬਾਦੀ ਦੇ ਵਾਧੇ ਦੌਰਾਨ ਇਨ੍ਹਾਂ ਨੂੰ ਬਚਾਉਣ ਤੇ ਆਪਣੀਆਂ ਕਮਿਊਨਿਟੀਜ਼ ਦੀਆਂ ਵਿਲੱਖਣ ਹੈਲਥ ਲੋੜਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਈ। ਹੌਰਵਥ ਨੇ ਮੰਗ ਕੀਤੀ ਕਿ ਨਰਸਾਂ ਤੇ ਫਰੰਟਲਾਈਨ ਕੇਅਰ ਪ੍ਰੋਵਾਈਡਰਜ਼ ਦੀ ਛਾਂਗੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਓਨਟਾਰੀਓ ਦਾ ਪਹਿਲਾ ਯੂਨੀਵਰਸਲ ਪ੍ਰਿਸਕ੍ਰਿਪਸ਼ਨ ਡਰੱਗ ਪ੍ਰੋਗਰਾਮ ਤਿਆਰ ਕਰਨ ਦੀ ਯੋਜਨਾ ਵੀ ਪੇਸ਼ ਕੀਤੀ। ਉਨ੍ਹਾਂ ਆਖਿਆ ਕਿ ਇਸ ਨਾਲ ਹਰ ਉਮਰ ਵਰਗ ਤੇ ਆਮਦਨ ਜਾਂ ਹੈਲਥ ਇਤਿਹਾਸ ਵਾਲੇ ਵਿਅਕਤੀ ਨੂੰ ਦਵਾਈਆਂ ਮਿਲ ਸਕਿਆ ਕਰਨਗੀਆਂ। ਇਸ ਨਾਲ ਸਿਹਤ ਸਬੰਧੀ ਨਤੀਜੇ ਸੁਧਰ ਸਕਣਗੇ ਤੇ ਹਸਪਤਾਲਾਂ ਉੱਤੇ ਤੇ ਐਮਰਜੰਸੀ ਸੇਵਾਵਾਂ ਉੱਤੇ ਦਬਾਅ ਘਟੇਗਾ।