ਬਠਿੰਡਾ, ਸੀਬੀਆਈ ਦੀ ਟੀਮ ਨੇ ਬਰਗਾੜੀ ਕਾਂਡ ਮਾਮਲੇ ਵਿੱਚ ਅੱਜ ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਪ੍ਰੋਡਕਸ਼ਨ ਵਾਰੰਟ ’ਤੇ ਅੱਜ ਫ਼ਰੀਦਕੋਟ ਜੇਲ੍ਹ ’ਚੋਂ ਤਿੰਨ ਡੇਰਾ ਪ੍ਰੇਮੀ ਹਿਰਾਸਤ ਵਿੱਚ ਲੈ ਲਏ ਹਨ। ਹੁਣ ਇਨ੍ਹਾਂ ਤਿੰਨੋਂ ਪੈਰੋਕਾਰਾਂ ਦਾ 13 ਜੁਲਾਈ ਤੱਕ ਦਾ ਪੁਲੀਸ ਰਿਮਾਂਡ ਵੀ ਲੈ ਲਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਮਾਮਲੇ ਨੂੰ ਆਪਣੇ ਤੌਰ ’ਤੇ ਸੁਲਝਾ ਲਿਆ ਹੈ ਅਤੇ ਹੁਣ ਵਾਰੀ ਸੀਬੀਆਈ ਦੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਮਗਰੋਂ ਡੇਰਾ ਸਿਰਸਾ ਦੇ 10 ਪੈਰੋਕਾਰਾਂ ਨੂੰ 19 ਜੂਨ ਨੂੰ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੋਂ ਅੱਜ ਸੀਬੀਆਈ ਟੀਮ ਮਹਿੰਦਰਪਾਲ ਬਿੱਟੂ, ਸਨੀ ਅਤੇ ਸ਼ਕਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਗਈ ਹੈ।    ਸੀਬੀਆਈ ਦੀ ਟੀਮ ਅੱਜ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਫ਼ਰੀਦਕੋਟ ਜੇਲ੍ਹ ਵਿਚ ਪੁੱਜੀ, ਜਿੱਥੇ ਪ੍ਰੋਡਕਸ਼ਨ ਵਾਰੰਟ ਪਹਿਲਾਂ ਹੀ ਪੁੱਜ ਚੁੱਕੇ ਸਨ। ਇਸ ਟੀਮ ਨੇ ਮਗਰੋਂ ਤਿੰਨੋਂ ਪੈਰੋਕਾਰਾਂ ਨੂੰ ਸੀ.ਬੀ.ਆਈ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਸੀਬੀਆਈ ਟੀਮ ਵੱਲੋਂ ਬਰਗਾੜੀ ਕਾਂਡ ਦੇ ਸੱਚ ਨੂੰ ਛਾਣਿਆ ਜਾਵੇਗਾ। ਸੀਬੀਆਈ ਨੇ ਮੁੱਢਲੀ ਛਾਣਬੀਣ ਮਗਰੋਂ ਤਿੰਨੋਂ ਪੈਰੋਕਾਰਾਂ ਨੂੰ ਹੀ ਨਿਸ਼ਾਨੇ ’ਤੇ ਰੱਖਿਆ ਹੈ। ਪੁੱਛਗਿੱਛ ਦੇ ਆਧਾਰ ’ਤੇ ਦੂਸਰੇ ਪੈਰੋਕਾਰਾਂ ਨੂੰ ਵੀ ਸੀਬੀਆਈ ਪ੍ਰੋਡਕਸ਼ਨ ਵਾਰੰਟ ’ਤੇ ਲਿਜਾ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਦਾ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੂੰ ਦੱਸਿਆ ਸੀ।
ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ‘ਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਉਸ ਮਗਰੋਂ ਬਰਗਾੜੀ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ। ਥਾਣਾ ਬਾਜਾਖਾਨਾ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਗ੍ਰੰਥੀ ਗੋਰਾ ਸਿੰਘ ਦੇ ਬਿਆਨਾਂ ’ਤੇ ਸਰੂਪ ਚੋਰੀ ਹੋਣ ਦੇ ਮਾਮਲੇ ‘ਚ 2 ਜੂਨ 2015 ਨੂੰ ਐਫ.ਆਈ.ਆਰ ਨੰਬਰ 62 ਦਰਜ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਲਾਏ ਜਾਣ ਦੀ ਥਾਣਾ ਬਾਜਾਖਾਨਾ ਵਿੱਚ 25 ਸਤੰਬਰ 2015 ਨੂੰ ਐਫ.ਆਈ .ਆਰ ਨੰਬਰ 117 ਦਰਜ ਹੋਈ ਸੀ। ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਜਾਣ ਦੀ 12 ਅਕਤੂਬਰ 2015 ਨੂੰ ਐੱਫਆਈਆਰ ਨੰਬਰ 128 ਦਰਜ ਹੋਈ ਸੀ। ਇਨ੍ਹਾਂ ਤਿੰਨੋਂ ਕੇਸਾਂ ਦੀ ਜਾਂਚ ਸੀਬੀਆਈ ਕੋਲ ਹੈ। ਫਰੀਦਕੋਟ ਜੇਲ੍ਹ ਦੇ ਡਿਪਟੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ ਕਿ ਸੀਬੀਆਈ ਦੀ ਟੀਮ ਅੱਜ ਜੇਲ੍ਹ ਵਿੱਚ ਪੁੱਜੀ ਸੀ, ਜੋ ਪ੍ਰੋਡਕਸ਼ਨ ਵਾਰੰਟ ’ਤੇ ਤਿੰਨ ਡੇਰਾ ਪੈਰੋਕਾਰਾਂ ਨੂੰ ਲੈ ਕੇ ਗਈ ਹੈ। ਉਨ੍ਹਾਂ ਦੱਸਿਆ ਕਿ ਬਰਗਾੜੀ ਕਾਂਡ ਦੇ ਮਾਮਲੇ ਵਿੱਚ ਆਏ ਹੋਰ ਸੱਤ ਡੇਰਾ ਪੈਰੋਕਾਰ ਹਾਲੇ ਜੇਲ੍ਹ ਵਿੱਚ ਹੀ ਹਨ।
ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਸ਼ਾਮ ਸਮੇਂ ਡੇਰਾ ਸਿਰਸਾ ਦੇ ਤਿੰਨੋਂ ਪੈਰੋਕਾਰਾਂ ਦੀ ਪੁੱਛਗਿੱਛ ਆਰੰਭ ਕਰ ਦਿੱਤੀ ਹੈ। ਸੀਬੀਆਈ ਟੀਮ ਜਿੱਥੇ ਪੰਜਾਬ ਪੁਲੀਸ ਵੱਲੋਂ ਕੀਤੀ ਪੜਤਾਲ ਨੂੰ ਛਾਣੇਗੀ, ਉੱਥੇ ਡੇਰਾ ਸਿਰਸਾ ਦੇ ਮੁਖੀ ਦੀ ਭੂਮਿਕਾ ਦੀ ਘੋਖ ਵੀ ਕਰੇਗੀ।