ਚੰਡੀਗੜ੍ਹ, 19 ਅਪਰੈਲ
ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਅਸ਼ਵਨੀ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਬਦਲੇ’ ਦੀ ਥਾਂ ਬਦਲਾਅ ਦੀ ਰਾਜਨੀਤੀ ਕਰਨ ਦਾ ਸਮਰਥਨ ਕੀਤਾ ਹੈ। ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਦਲੇ ਦੀ ਰਾਜਨੀਤੀ ਨਾਲ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਇਸ ਲਈ ਸਾਰੀਆਂ ਰਾਜਸੀ ਧਿਰਾਂ ਦਰਮਿਆਨ ਸਹਿਮਤੀ ਵਾਲਾ ਰਾਜਨੀਤਕ ਮਾਹੌਲ ਸਿਰਜ ਕੇ ਸਰਕਾਰ ਨੂੰ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।
ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਵੀ ਸਰਕਾਰੀ ਨਿਜ਼ਾਮ ਉਪਰ ਅਕਾਲੀਆਂ ਖਾਸ ਕਰ ਬਾਦਲਾਂ ਦਾ ਪ੍ਰਭਾਵ ਕਾਇਮ ਰਹਿਣ ਨੂੰ ਉਨ੍ਹਾਂ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਅਤੇ ਕਾਂਗਰਸੀ ਵਰਕਰਾਂ ਦੇ ਮਨਾਂ ਵਿੱਚੋਂ ਸਾਬਕਾ ਸਰਕਾਰ ਦਾ ਪਰਛਾਵਾਂ ਦੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਅਕਾਲੀ ਕਾਰਜਕਾਲ ਦੌਰਾਨ ਜੇਕਰ ਕਿਸੇ ਪੁਲੀਸ ਜਾਂ ਸਿਵਲ ਅਧਿਕਾਰੀ ਨੇ ਕਾਂਗਰਸੀ ਵਰਕਰਾਂ ਨਾਲ ਬਿਨਾਂ ਕਿਸੇ ਕਾਰਨ ਧੱਕੇਸ਼ਾਹੀ ਤੇ ਪੱਖਪਾਤੀ ਕਾਰਵਾਈ ਕੀਤੀ ਹੈ ਤਾਂ ਅਜਿਹੇ ਅਫ਼ਸਰਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਵੀ ਮੰਨੀ ਹੈ ਕਿ ਪੰਜਾਬ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਖ਼ਤਮ ਕਰਨ ਲਈ ਸਰਕਾਰ ਨੂੰ ਅਜੇ ਮੁਕੰਮਲ ਸਫ਼ਲਤਾ ਨਹੀਂ ਮਿਲੀ ਤੇ ਇਸ ਦੇ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ। ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਤੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਤੇ ਪੁਲੀਸ ਅਧਿਕਾਰੀਆਂ ਦੇ ਵਿਵਾਦ ਨੂੰ ਮੰਦਭਾਗਾ ਕਰਾਰ ਦਿੱਤਾ।
ਸਾਬਕਾ ਕਾਨੂੰਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਖ਼ਾਤਮੇ ਸਬੰਧੀ ਜੋ ਵਚਨਬੱਧਤਾ ਦਿੱਤੀ ਹੈ, ਉਸ ਉੱਤੇ ਉਹ ਅਵੱਸ਼ ਖਰੇ ਉਤਰਨਗੇ। ਅਸ਼ਵਨੀ ਕੁਮਾਰ ਨੇ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬਹੁਤ ਪੱਛੜਿਆ ਹੋਇਆ ਹੈ। ਸੂਬੇ ਦੇ ਨੌਜਵਾਨਾਂ ਨੂੰ ਆਧੁਨਿਕ ਤੇ ਭਵਿੱਖਮੁਖੀ ਸਿੱਖਿਆ ਦੇਣ ਦੀ ਲੋੜ ਹੈ। ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਕਿੱਤੇ ਨੂੰ ਸਮਰਪਿਤ ਹੋਣ ਦੀ ਥਾਂ ਧਰਨੇ-ਮੁਜ਼ਾਹਰੇ ਕਰਨ ਦਾ ਕੰਮ ਜ਼ਿਆਦਾ ਕਰਦੇ ਹਨ। ਸਿੱਖਿਆ ਦੇ ਖੇਤਰ ਵਿੱਚ ਨਵੀਆਂ ਨੀਤੀਆਂ ਦੀ ਅਣਹੋਂਦ ਕਾਰਨ ਹੀ ਸੂਬੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਨੌਜਵਾਨ ਕੁਰਾਹੇ ਪੈ ਰਿਹਾ ਹੈ। ਪੰਜਾਬ ਦਾ ਵਾਤਾਵਰਨ ਵੀ ਸ਼ੁੱਧ ਨਹੀਂ ਰਿਹਾ ਤੇ ਸਿਹਤ ਸਹੂਲਤਾਂ ਨੂੰ ਵੀ ਸੁਧਾਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਰਾਜਨੀਤੀ ਵਿੱਚੋਂ ਬਦਲਾਖੋਰੀ ਤੇ ਕੁੜੱਤਣ ਖ਼ਤਮ ਹੋਣੀ ਚਾਹੀਦੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸਿਆਸਤੀ ਵਾਰਤਾਲਾਪ ਵਿੱਚੋਂ ਇਸ ਸਮੇਂ ਸਿਰਫ਼ ਵੈਰ ਅਤੇ ਕੁੜੱਤਣ ਦੀ ਭਾਵਨਾ ਹੀ ਝਲਕਦੀ ਹੈ ਅਤੇ ਲੋਕਾਂ ਦੇ ਮਸਲੇ ਹਾਸ਼ੀਏ ’ਤੇ ਚਲੇ ਗਏ ਹਨ। ਕੁੜੱਤਣ ਤੇ ਵੈਰ ਵਿਰੋਧ ਦੀ ਰਾਜਨੀਤੀ ਕਾਰਨ ਦੇਸ਼ ਵਿੱਚ ਇਸ ਤਰ੍ਹਾਂ ਦਾ ਗੰਧਲਾ ਮਾਹੌਲ ਬਣ ਗਿਆ ਹੈ ਕਿ ਜਨਤਾ ਦਾ ਰਾਜਸੀ ਵਿਵਸਥਾ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਲਈ ਕਾਂਗਰਸ ਨੂੰ ਵੱਡੇ ਪੈਮਾਨੇ ’ਤੇ ਸੁਧਾਰ ਕਰਨ ਦੀ ਜ਼ਰੂਰਤ ਹੈ।
ਅਸ਼ਵਨੀ ਕੁਮਾਰ ਨੇ ਕਿਹਾ ਕਿ ਬਿਨਾਂ ਸ਼ੱਕ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਦੇ ਸਮਰੱਥ ਹਨ ਪਰ ਉਨ੍ਹਾਂ ਦੇ ਸਾਹਮਣੇ ਵੀ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਰਾਹੁਲ ਗਾਂਧੀ ਨੂੰ ਵੋਟ ਰਾਜਨੀਤੀ ਤੋਂ ਉਪਰ ਉਠ ਕੇ ਆਦਰਸ਼ਵਾਦੀ ਤੇ ਸਿਆਸੀ ਨੈਤਿਕਤਾ ਵਾਲੀ ਸੋਚ ਨੂੰ ਅਪਨਾਉਣ ਨਾਲ ਹੀ ਮੁਲਕ ਮੁੜ ਤਰੱਕੀ ਦੇ ਰਾਹ ’ਤੇ ਆ ਸਕਦਾ ਹੈ। ਦੇਸ਼ ਨੂੰ ਧਰਮ ਅਤੇ ਜਾਤ-ਪਾਤ ਦੇ ਨਾਮ ’ਤੇ ਵੰਡਣ ਵਾਲੀਆਂ ਫਿਰਕੂ ਤਾਕਤਾਂ ਨੂੰ ਟੱਕਰ ਦੇਣ ਲਈ ਕਾਂਗਰਸ ਨੂੰ ਜਥੇਬੰਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਮੁੜ ਤੋਂ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦੇ ਹਨ ਕਿਉਂਕਿ ਕਾਂਗਰਸ ਹੀ ਸਹੀ ਅਰਥਾਂ ਵਿੱਚ ਦੇਸ਼ ਦੀ ਸੱਭਿਅਤਾ ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਜਿਸ ਤਰ੍ਹਾਂ ਸੰਵਿਧਾਨ, ਸੱਭਿਅਤਾ, ਸਭਿਆਚਾਰ ਅਤੇ ਆਪਸੀ ਭਾਈਚਾਰੇ ਦਾ ਤਾਣਾ-ਬਾਣਾ ਉਲਝਾ ਦਿੱਤਾ ਗਿਆ ਹੈ, ਉਸ ਮਾਹੌਲ ਵਿੱਚ ਦੇਸ਼ ਵਾਸੀ ਅਜਿਹੀ ਲੀਡਰਸ਼ਿਪ ਦੀ ਤਲਾਸ਼ ਵਿੱਚ ਹੈ, ਜੋ ਬੁਨਿਆਦੀ ਸਿਧਾਂਤਾਂ ’ਤੇ ਖਰੀ ਉਤਰੇ।