ਜਲੰਧਰ,  
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਖ਼ਾਲਿਸਤਾਨ ਸਬੰਧੀ ਬਿਆਨ ਨਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਸੀਪੀਆਈ ਦਾ ਦਾਅਵਾ ਹੈ ਕਿ ਪ੍ਰੋ. ਬਡੂੰਗਰ ਨੇ ਇਹ ਬਿਆਨ ਬਾਦਲਾਂ ਦੇ ਕਹਿਣ ’ਤੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਵੀ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਹੈ, ਇਸ ਲਈ ਕਮੇਟੀ ਪ੍ਰਧਾਨ ਨੂੰ ਕੋਈ ਵੀ ਬਿਆਨ ਸੋਚ-ਸਮਝ ਦੇਣਾ ਚਾਹੀਦਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਪਾਸੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਖ਼ਾਲਿਸਤਾਨੀ ਦੱਸ ਕੇ ਉਸ ਦੀ ਨਿੰਦਾ ਕਰ ਰਹੇ ਹਨ ਤੇ ਦੂਜੇ ਪਾਸੇ ਪ੍ਰੋ. ਬਡੂੰਗਰ ਤੋਂ ਅਜਿਹੀ ਬਿਆਨਬਾਜ਼ੀ ਕਰਵਾ ਰਹੇ ਹਨ। ਸੀਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਦਾ ਕਹਿਣਾ ਹੈ ਕਿ ਪ੍ਰੋ. ਬਡੂੰਗਰ ਵਰਗਾ ਸਮਝਦਾਰ ਸ਼ਖ਼ਸ ਅਜਿਹਾ ਬਿਆਨ ਨਹੀਂ ਦੇ ਸਕਦਾ। ਇਹ ਬਿਆਨ ਬਾਦਲਾਂ ਦੇ ਦਬਾਅ ਹੇਠ ਆਇਆ ਹੈ। ਡਾ. ਦਿਆਲ ਨੇ ਮੰਗ ਕੀਤੀ ਕਿ ਬਾਦਲ ਇਸ ਬਾਰੇ ਸਪੱਸ਼ਟੀਕਰਨ ਦੇਣ। ਇਸ ਦੌਰਾਨ ਭਾਜਪਾ ਨੇ ਵੀ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਗ਼ੈਰ-ਸੰਵਿਧਾਨਕ ਹੈ ਤੇ ਹਮੇਸ਼ਾ ਰਹੇਗੀ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੋ. ਬਡੂੰਗਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਿਰਫ਼ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਦੇ ਖ਼ਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ।