ਬਠਿੰਡਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਹਵਾਈ ਅੱਡੇ ਤੋਂ ਬਠਿੰਡਾ-ਜੰਮੂ ਦੀ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬੀਬੀ ਬਾਦਲ ਨੇ ਐਲਾਨ ਕੀਤਾ ਕਿ ਜਲਦੀ  ਹੀ ਬਠਿੰਡਾ ਤੋਂ ਹਜ਼ੂਰ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲ  ਸਕੇ। ਹਵਾਈ ਸੇਵਾ ਦੇ ਵਿਸਥਾਰ ਨਾਲ ਬਠਿੰਡਾ ਖ਼ਿੱਤੇ ਨੂੰ ਸੈਰ-ਸਪਾਟੇ ਵਜੋਂ ਹੁਲਾਰਾ ਮਿਲੇਗਾ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਆਖਿਆ ਕਿ ਬਠਿੰਡਾ-ਜੰਮੂ ਉਡਾਣ ਦੇ ਸ਼ੁਰੂ ਹੋਣ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਇਕੱਲੇ ਮਾਲਵੇ ਖ਼ਿੱਤੇ ਦੇ ਹਿੰਦੂ ਭਾਈਚਾਰੇ ਨੂੰ ਨਹੀਂ ਬਲਕਿ ਹਰਿਆਣਾ ਤੇ ਰਾਜਸਥਾਨ ਦੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੇਗੀ।
ਬਠਿੰਡਾ-ਜੰਮੂ ਦੀ ਪਹਿਲੀ ਉਡਾਣ ਵਿੱਚ ਅੱਜ ਜਹਾਜ਼ ਬਠਿੰਡਾ ਤੋਂ 36 ਯਾਤਰੀ ਲੈ ਕੇ ਰਵਾਨਾ ਹੋਇਆ ਜਦੋਂ ਕਿ ਜੰਮੂ ਤੋਂ ਬਠਿੰਡਾ ਲਈ 17 ਯਾਤਰੀ ਪੁੱਜੇ। ਜੰਮੂ ਤੋਂ ਚੱਲਿਆ ਜਹਾਜ਼ ਠੀਕ 10:20 ਵਜੇ ਬਠਿੰਡਾ ਵਿੱਚ ਉਤਰਿਆ। ਅਲਾਇਸ਼ ਏਅਰਲਾਈਨਜ਼ ਦੇ 70 ਸੀਟਾਂ ਵਾਲੇ ਜਹਾਜ਼ ਨੇ ਬਠਿੰਡਾ ਤੋਂ ਜਦੋਂ ਪਹਿਲੀ ਉਡਾਣ ਭਰੀ ਤਾਂ ਉਦੋਂ ਕਾਂਗਰਸ ਸਰਕਾਰ ਦਾ ਕੋਈ ਵੀ ਆਗੂ ਹਾਜ਼ਰ ਨਹੀਂ ਸੀ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਕੈਪਟਨ ਅਭੈ ਚੰਦਰਾ ਆਪਣੇ ਵਿਭਾਗ ਵੱਲੋਂ ਮੌਕੇ ’ਤੇ ਮੌਜੂਦ ਸਨ ਅਤੇ ਉਹ ਫ਼ੌਰੀ ਵਾਪਸ ਚਲੇ ਗਏ। ਬਠਿੰਡਾ-ਜੰਮੂ ਉਡਾਣ ਰੋਜ਼ਾਨਾ ਚੱਲੇਗੀ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਵੀ ਇਸ ਮੌਕੇ ਹਾਜ਼ਰ ਸਨ।
ਦੱਸਣਯੋਗ ਹੈ ਕਿ ਬਠਿੰਡਾ-ਦਿੱਲੀ ਉਡਾਣ ਦੀ ਸ਼ੁਰੂਆਤ ਵੀ ਅਕਾਲੀ ਸਰਕਾਰ ਨੇ ਚੋਣਾਂ ਤੋਂ ਐਨ ਪਹਿਲਾਂ ਕਰਵਾਈ ਸੀ। ਅੱਜ ਵੀ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਮੌਕਾ ਖੁੰਝਣ ਨਹੀਂ ਦਿੱਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਬਠਿੰਡਾ ਤੋਂ ਜੰਮੂ ਦਾ 15 ਘੰਟੇ ਦਾ ਸਫ਼ਰ ਹੁਣ ਇੱਕ ਘੰਟੇ ਦਾ ਰਹਿ ਗਿਆ ਹੈ ਅਤੇ ਹਵਾਈ ਟਿਕਟ ਸਿਰਫ਼ 1295 ਰੁਪਏ ਦੀ ਪਵੇਗੀ। ਉਨ੍ਹਾਂ ਆਖਿਆ ਕਿ ਮਾਲਵਾ ਖ਼ਿੱਤੇ ਲਈ ਇਹ ਉਡਾਣ ਇੱਕ ਤੋਹਫ਼ਾ ਹੈ। ਸੂਤਰ ਦੱਸਦੇ ਹਨ ਕਿ ਏਅਰ ਇੰਡੀਆ ਵੱਲੋਂ 8 ਮਾਰਚ ਨੂੰ ਪਠਾਨਕੋਟ-ਦਿੱਲੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜਦੋਂਕਿ ਲੁਧਿਆਣਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਕੈਪਟਨ ਅਭੈ ਚੰਦਰਾ ਨੇ ਦੱਸਿਆ ਕਿ ਬਠਿੰਡਾ-ਦਿੱਲੀ ਉਡਾਣ ਵੀ ਹਫ਼ਤੇ ਵਿੱਚੋਂ ਤਿੰਨ ਦਿਨ ਸਫਲ ਚੱਲ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਹੁਣ ਇਹ ਉਡਾਣ ਰੋਜ਼ਾਨਾ ਕਰਨ ਬਾਰੇ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਮੰਤਰਾਲੇ ਵੱਲੋਂ ਉਡਾਣ ਰੋਜ਼ਾਨਾ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।  ਸਿਆਸੀ ਸੂਤਰ ਦੱਸਦੇ ਹਨ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਬਠਿੰਡਾ ਤੋਂ ਹਜ਼ੂਰ ਸਾਹਿਬ ਲਈ ਉਡਾਣ ਵੀ ਜਲਦੀ ਸ਼ੁਰੂ ਕਰ ਸਕਦੀ ਹੈ।
ਏਅਰਪੋਰਟ ਅਥਾਰਿਟੀ ਵੱਲੋਂ ਅੱਜ ਬਠਿੰਡਾ ਹਵਾਈ ਅੱਡੇ ’ਤੇ ਸਹੂਲਤਾਂ ਦੀ ਕਮੀ ਦਾ ਮੁੱਦਾ ਵੀ ਉਠਾਇਆ ਗਿਆ। ਹਵਾਈ ਅੱਡੇ ਦੀ ਸੁਰੱਖਿਆ ’ਤੇ ਲੱਗੇ ਮੁਲਾਜ਼ਮਾਂ ਨੂੰ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਔਖਾ ਹੋ ਜਾਂਦਾ ਹੈ। ਯਾਤਰੀਆਂ ਲਈ ਏਅਰਪੋਰਟ ਅੰਦਰ ਕੋਈ ਸਨੈਕਸ ਬਾਰ ਵੀ ਨਹੀਂ ਹੈ। ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਮੌਕੇ ’ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਸ ਸਬੰਧੀ ਆਦੇਸ਼ ਦਿੱਤੇ। ਸਟੇਸ਼ਨ ਮੈਨੇਜਰ ਨਿਰੰਜਨ ਸਿੰਘ ਨੇ ਦੱਸਿਆ ਕਿ   ਸਨੈਕਸ ਬਾਰ ਅਤੇ ਹੋਰ ਸੁਵਿਧਾਵਾਂ ਸਬੰਧੀ ਪਹਿਲਾਂ ਹੀ ਮਾਮਲਾ ਪ੍ਰਕਿਰਿਆ ਅਧੀਨ ਹੈ।