ਬਠਿੰਡਾ, 9 ਨਵੰਬਰ
ਦਰਜਨ ਮਾਪਿਆਂ ਦੇ ਸੁਪਨੇ ਅੱਜ ਰਾਖ਼ ਹੋ ਗਏ ਜਦੋਂ ਬਾਹਰੋ ਸੁਨੇਹਾ ਆਇਆ ਕਿ ਉਨ੍ਹਾਂ ਦੇ ਜਾਏ ਹੁਣ ਕਦੇ ਘਰ ਨਹੀਂ ਪਰਤਣਗੇ। ਤੇਜ਼ ਰਫ਼ਤਾਰ ਟਿੱਪਰ ਨੇ ਇਨ੍ਹਾਂ ਮਾਪਿਆਂ ਦੇ ਕਾਲਜੇ ਦੇ ਟੁਕੜਿਆਂ ਨੂੰ ਵੀ ਇੱਕੋ ਪਲ ਵਿੱਚ ਕੁਚਲ ਦਿੱਤਾ। ਅੱਜ ਜ਼ਿਲ੍ਹੇ ਦੇ ਦਸ ਘਰਾਂ ਵਿੱਚ ਸੱਥਰ ਵਿਛੇ ਅਤੇ ਹੰਝੂਆਂ ਤੇ ਹਉਕਿਆਂ ਦੀ ਝੜੀ ਲੱਗੀ। ਬਠਿੰਡਾ ਕੈਂਟ ਨੇੜੇ ਤੇਜ਼ ਰਫ਼ਤਾਰ ਟਿੱਪਰ ਨੇ ਅੱਠ ਨੌਜਵਾਨ ਬੱਚਿਆਂ ਨੂੰ ਕੁਚਲ ਦਿੱਤਾ ਜੋ ਘਰੋਂ ਭਵਿੱਖ ਦੇ ਨੈਣ ਨਕਸ਼ ਦੇਖਣ ਲਈ ਤੁਰੇ ਸਨ।
ਭੁੱਚੋ ਮੰਡੀ ਦੇ ਗੋਪਾਲ ਕ੍ਰਿਸ਼ਨ ਲਈ ਹੁਣ ਭਵਿੱਖ ਹਨ੍ਹੇਰੀ ਗੁਫ਼ਾ ਵਾਂਗ ਹੈ, ਜਿਸ ਦਾ ਇਕਲੌਤਾ ਪੁੱਤਰ ਈਸ਼ਵਰ ਇਸ ਹਾਦਸੇ ਦੀ ਭੇਟ ਚੜ੍ਹ ਗਿਆ ਹੈ। ਬਠਿੰਡਾ ਵਿੱਚ ਮੈਡੀਕਲ ਸਟੋਰ ਚਲਾ ਰਹੇ ਗੋਪਾਲ ਕ੍ਰਿਸ਼ਨ ਦਾ ਇਹ ਲੜਕਾ ਗੁਰੂ ਨਾਨਕ ਸਕੂਲ ਭੁੱਚੋ ਮੰਡੀ ਵਿੱਚ ਬਾਰ੍ਹਵੀਂ (ਮੈਡੀਕਲ) ਦਾ ਵਿਦਿਆਰਥੀ ਸੀ। ਮਾਪੇ ਉਸ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਰਹੇ ਸਨ ਪ੍ਰੰਤੂ ਵਕਤ ਨੇ ਉਨ੍ਹਾਂ ਨੂੰ ਸੁਪਨਿਆਂ ਦੇ ਹਾਣ ਦਾ ਹੋਣ ਦਾ ਮੌਕਾ ਹੀ ਨਹੀਂ ਦਿੱਤਾ। ਈਸ਼ਵਰ ਦੀ ਇੱਕੋ-ਇੱਕ ਭੈਣ ਤੋਂ ਰੱਖੜੀ ਦਾ ਤਿਉਹਾਰ ਸਦਾ ਲਈ ਦੂਰ ਹੋ ਗਿਆ ਹੈ। ਲਹਿਰਾ ਖਾਨਾ ਦੇ ਕਿਸਾਨ ਜਗਰੂਪ ਸਿੰਘ ਨੇ ਆਪਣੀ ਧੀ ਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਸੀ ਪ੍ਰੰਤੂ ਇੱਕ ਹਾਦਸੇ ਨੇ ਉਸ ਦੀ ਸੱਧਰ ਨੂੰ ਹੀ ਖਾਕ ਕਰ ਦਿੱਤਾ। ਮਨਪ੍ਰੀਤ ਕੌਰ ਆਪਣੀ ਕੈਨੇਡਾ ਵਸਦੀ ਸਹੇਲੀ ਕੋਲ ਜਾਣ ਲਈ ਆਈਲੈੱਟਸ ਕਰ ਰਹੀ ਸੀ। ਜਦੋਂ ਉਸ ਦੀ ਪਹਿਲੀ ਪ੍ਰੀਖਿਆ ਵਿੱਚ ਬੈਂਡ ਘਟ ਗਏ ਤਾਂ ਮਾਪਿਆਂ ਨੇ ਹੱਲਾਸ਼ੇਰੀ ਦਿੱਤੀ, ਤਾਂ ਉਸ ਨੇ ਮੁੜ ਬਠਿੰਡਾ ਵਿੱਚ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ। ਹੁਣ ਇਕਲੌਤਾ ਭਰਾ ਆਪਣੀ ਭੈਣ ਦੀ ਘਰ ਵਿੱਚ ਕਦੇ ਪੈੜ ਚਾਲ ਨਹੀਂ ਸੁਣ ਸਕੇਗਾ।
ਰਾਮਪੁਰਾ ਦੇ 18 ਵਰ੍ਹਿਆਂ ਦਾ ਵਿਨੋਦ ਕੁਮਾਰ ਮਿੱਤਲ ਅੱਜ ਘਰੋਂ ਨਵੀਂ ਆਸ ਨਾਲ ਤੁਰਿਆ ਪ੍ਰੰਤੂ ਸਭ ਉਮੀਦਾਂ ਨੂੰ ਟਿੱਪਰ ਨੇ ਇੱਕੋ ਹੱਲੇ ਖੇਰੂੰ-ਖੇਰੂੰ ਕਰ ਦਿੱਤਾ। ਉਸਦਾ ਪਿਤਾ ਮੁਨੀਸ਼ ਕੁਮਾਰ ਖ਼ਬਰ ਸੁਣਦੇ ਸਾਰ ਹੀ ਹੋਸ਼ ਗੁਆ ਬੈਠਾ। ਵਿਨੋਦ ਦੀ ਮੌਤ ਮਗਰੋਂ ਉਸ ਦੇ ਇੱਕੋ-ਇੱਕ ਭਰਾ ਨੂੰ ਹੁਣ ਆਪਣੀ ਸੱਜੀ ਬਾਂਹ ਦਾ ਕਦੇ ਅਹਿਸਾਸ ਨਹੀਂ ਹੋਵੇਗਾ। ਰਾਮਪੁਰਾ ਦੀਆਂ ਦੋਵੇਂ ਭੈਣਾ ਸ਼ਿਖਾ ਤੇ ਤਾਨੀਆ ਬਾਂਸਲ ਅੱਜ ਘਰੋਂ ਇਕੱਠੀਆਂ ਚੱਲੀਆਂ ਪ੍ਰੰਤੂ ਕੁਦਰਤ ਨੂੰ ਇਹ ਸਾਥ ਮਨਜ਼ੂਰ ਨਾ ਹੋਇਆ। ਸ਼ਿਖਾ ਜ਼ਿੰਦਗੀ ਤੋਂ ਹੱਥ ਧੋ ਬੈਠੀ ਜਦੋਂਕਿ ਉਸ ਦੀ ਭੈਣ ਤਾਨੀਆਂ ਬਾਂਸਲ ਜ਼ਖ਼ਮੀ ਹਾਲਤ ਵਿੱਚ ਹੈ। ਰਾਮਪੁਰਾ ਦੀ ਹੀ ਲਵਪ੍ਰੀਤ ਕੌਰ ਦੀ ਮਾਂ ਦੀਆਂ ਆਂਦਰਾਂ ਉਦੋਂ ਠੰਢੀਆਂ ਹੋਈਆਂ ਸਨ ਜਦੋਂ ਧੀ ਨੂੰ ਸਰਕਾਰੀ ਨੌਕਰੀ ਮਿਲਣ ਦਾ ਸੁਨੇਹਾ ਆਇਆ ਸੀ। ਖੁਰਾਕ ਤੇ ਸਪਲਾਈਜ਼ ਵਿਭਾਗ ਬਠਿੰਡਾ ਵਿੱਚ ਕਲਰਕ ਵਜੋਂ ਤਾਇਨਾਤ ਲਵਪ੍ਰੀਤ ਨੂੰ ਸਿਰਫ਼ ਇੱਕ ਸਾਲ ਨੌਕਰੀ ਕਰਨੀ ਨਸੀਬ ਹੋਈ ਅਤੇ ਉਹ ਵੀ ਅੱਜ ਜ਼ਿੰਦਗੀ ਨੂੰ ਅਲਵਿਦਾ ਆਖ ਗਈ। ਸਰਕਾਰੀ ਸਕੂਲ ਪਿੱਥੋ ਦੀ ਅਧਿਆਪਕਾ ਮਨਦੀਪ ਕੌਰ ਅੱਜ ਬਠਿੰਡਾ ਤੋਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਲਈ ਰਵਾਨਾ ਹੋਈ ਪ੍ਰੰਤੂ ਉਹ ਸਕੂਲ ਵਿੱਚ ਬੱਚਿਆਂ ਕੋਲ ਪੁੱਜਣ ਦੀ ਥਾਂ ਮੌਤ ਦੀ ਗੋਦ ਵਿੱਚ ਚਲੀ ਗਈ। ਇੱਕ ਵਰ੍ਹਾ ਪਹਿਲਾਂ ਹੀ ਉਸ ਨੂੰ ਇਹ ਨੌਕਰੀ ਮਿਲੀ ਸੀ। ਇਨ੍ਹਾਂ ਸਾਰੇ ਘਰਾਂ ਦੀ ਅੱਜ ਇੱਕੋ ਚੀਸ ਦੀ ਸਾਂਝ ਸੀ, ਜਿਨ੍ਹਾਂ ਨੂੰ ਧਰਵਾਸ ਦੇਣ ਲਈ ਨੇੜਲਿਆਂ ਨੇ ਦਿਲਾਸੇ ਵੀ ਦਿੱਤੇ ਪ੍ਰੰਤੂ ਦੂਰ ਤੁਰ ਗਈਆਂ ਧੀਆਂ ਦਾ ਗਮ ਇਨ੍ਹਾਂ ਮਾਪਿਆਂ ਨੂੰ ਕਦੇ ਨਹੀਂ ਭੁੱਲ ਸਕੇਗਾ।