ਬਠਿੰਡਾ, 25 ਦਸੰਬਰ
ਬਠਿੰਡਾ ਏਮਜ਼ ’ਚ ਅੱਜ ਮਰੀਜ਼ਾਂ ਦੀ ਆਮਦ ਸ਼ੁਰੂ ਹੋ ਗਈ ਹੈ। ਲੰਮੇ ਸਮੇਂ ਤੋਂ ਇਲਾਜ ਦੀ ਉਡੀਕ ਵਿੱਚ ਬੈਠੇ ਮਰੀਜ਼ਾਂ ਨੇ ਅੱਜ ਏਮਜ਼ ਦੀ ਓਪੀਡੀ ਵਿਚ ਰਜਿਸਟ੍ਰੇਸ਼ਨ ਕਰਾਈ। ਮਾਹਿਰਾਂ ਡਾਕਟਰਾਂ ਤੋਂ ਇਲਾਜ ਬਾਰੇ ਮਸ਼ਵਰਾ ਲਿਆ। ਬਠਿੰਡਾ ਏਮਜ਼ ਦਾ ਅੱਜ ਪਹਿਲਾ ਦਿਨ ਸੀ ਅਤੇ ਅੱਜ ਪਹਿਲੇ ਦਿਨ 102 ਮਰੀਜ਼ ਇਲਾਜ ਵਾਸਤੇ ਏਮਜ਼ ਵਿੱਚ ਪੁੱਜੇ। ਦਰਜਨ ਓ.ਪੀ.ਡੀਜ਼ ’ਚੋਂ 9 ਓ.ਪੀ.ਡੀਜ਼ ਨੂੰ ਚਾਲੂ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਬੀਤੇ ਕੱਲ੍ਹ ਏਮਜ਼ ਦੀ ਓਪੀਡੀ ਸੇਵਾ ਦਾ ਉਦਘਾਟਨ ਕੀਤਾ ਸੀ। ਭਾਵੇਂ ਇਸ ਏਮਜ਼ ਵਿਚ ਇਨਡੋਰ ਸੁਵਿਧਾ ਹਾਲੇ ਸ਼ੁਰੂ ਨਹੀਂ ਹੋਈ ਹੈ ਪ੍ਰੰਤੂ ਮਰੀਜ਼ਾਂ ਨੂੰ ਓਪੀਡੀ ਸੇਵਾ ਨਾਲ ਧਰਵਾਸ ਬੱਝਾ ਹੈ। ਏਮਜ਼ ਨੇ ਜੂਨ 2020 ਵਿਚ ਪੂਰਨ ਰੂਪ ਵਿੱਚ ਮੁਕੰਮਲ ਹੋਣਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਏਮਜ਼ ਦੀ ਪਹਿਲੇ ਦਿਨ ਦੀ ਕਾਰਗੁਜ਼ਾਰੀ ’ਤੇ ਤਸੱਲੀ ਜ਼ਾਹਰ ਕੀਤੀ ਹੈ ਅਤੇ ਆਖਿਆ ਹੈ ਕਿ ਏਮਜ਼ ਦੀ ਸੇਵਾ ਸਾਰਥਿਕ ਬਣ ਰਹੀ ਹੈ ਅਤੇ ਮਰੀਜ਼ਾਂ ਨੂੰ ਉਚ ਪਾਏ ਦਾ ਇਲਾਜ ਸਸਤੀ ਦਰ ’ਤੇ ਮਿਲਣ ਲੱਗਾ ਹੈ। ਉਨ੍ਹਾਂ ਟਵੀਟ ਕਰਕੇ ਏਮਜ਼ ਦੀ ਸਲਾਹਕਾਰੀ ਫੀਸ ਸਿਰਫ 10 ਰੁਪਏ ਹੋਣ ਦੀ ਗੱਲ ਵੀ ਆਖੀ ਹੈ। ਅੱਜ ਪਹਿਲੇ ਦਿਨ ਏਮਜ਼ ਵਿਚ 102 ਕੁੱਲ ਮਰੀਜ਼ ਆਏ ਹਨ, ਜਿਨ੍ਹਾਂ ’ਚੋਂ 73 ਪੁਰਸ਼ ਅਤੇ 29 ਮਹਿਲਾਵਾਂ ਸਨ। ਜਨਰਲ ਮੈਡੀਸਨ ਦੇ 32 ਮਰੀਜ਼ ਆਏ ਜਦੋਂ ਕਿ ਈਐਨਟੀ ਦੇ 14 ਮਰੀਜ਼ ਪੁੱਜੇ। ਇਸੇ ਤਰ੍ਹਾਂ ਨਿਊਰੋ ਅਤੇ ਮਾਨਸਿਕ ਰੋਗਾਂ ਦੇ ਦੋ ਦੋ ਮਰੀਜ਼ ਪਹਿਲੇ ਦਿਨ ਆਏ। ਏਮਜ਼ ਦੇ ਚਾਲੂ ਹੋੋਣ ਨਾਲ ਹੀ ਅੱਜ ਤੋਂ ਆਸ ਪਾਸ ਦੇ ਇਲਾਕੇ ਵਿਚ ਚਹਿਲ ਪਹਿਲ ਸ਼ੁਰੂ ਹੋ ਗਈ ਹੈ।













