ਬਟਾਲਾ, 28 ਜਨਵਰੀ
ਨਜ਼ਦੀਕੀ ਪਿੰਡ ਹਰਪੁਰਾ ਵਿੱਚ ਅੱਜ ਦਿਨ-ਦਿਹਾੜੇ ਨੌਜਵਾਨ ਕਾਂਗਰਸ ਆਗੂ ਜਸਬੀਰ ਸਿੰਘ ਉਰਫ਼ ਗੋਲੂ (35) ਦਾ ਪਿੰਡ ਦੇ ਹੀ ਨੌਜਵਾਨ ਹਰਿੰਦਰ ਸਿੰਘ ਉਰਫ਼ ਰਾਜਾ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਦੋਵਾਂ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਜਸਬੀਰ ਪਿੰਡ ਦੀ ਸਰਪੰਚ ਸੁਖਜਿੰਦਰ ਕੌਰ ਦਾ ਇਕਲੌਤਾ ਪੁੱਤਰ ਸੀ। ਪੁਲੀਸ ਮੁਤਾਬਕ ਉਸ ਨੂੰ 5 ਗੋਲੀਆਂ ਮਾਰੀਆਂ ਗਈਆਂ। ਪਿੰਡ ਦੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਬੀਰ ਸਿੰਘ ਹਲਕਾ ਸ੍ਰੀ ਹਰਗੋਬਿੰਦਰਪੁਰ ਦੇ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਨੇੜਲਾ ਸਾਥੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ ਜਸਬੀਰ ਸਿੰਘ ਰਾਏ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਰਾਏ ਨੇ ਦੱਸਿਆ ਕਿ ਅੱਜ ਸਵੇਰੇ ਜਸਬੀਰ ਸਿੰਘ ਜਦੋਂ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਹਰਿੰਦਰ ਸਿੰਘ ਨੇ ਉਸ ’ਤੇ ਗੋਲੀਆਂ ਦਾਗ਼ ਦਿੱਤੀਆਂ। ਪੁਲੀਸ ਨੇ ਥਾਣਾ ਘੁਮਾਣ ’ਚ ਹਰਿੰਦਰ ਸਿੰਘ ਉਰਫ਼ ਰਾਜਾ ਖਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਖਿਲਾਫ਼ ਕੇਸ ਦਰਜ ਹਨ। ਮੁਲਜ਼ਮ ਹਰਿੰਦਰ ਸਿੰਘ ਕਰੀਬ 3 ਸਾਲ ਪਹਿਲਾਂ ਪਿੰਡ ਵਿੱਚ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ 2 ਕੁ ਮਹੀਨੇ ਪਹਿਲਾਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਅਤੇ 6 ਫਰਵਰੀ ਨੂੰ ਉਸ ਦਾ ਵਿਆਹ ਸੀ।