ਚੰਡੀਗਡ਼੍ਹ, 31 ਮਾਰਚ
ਆਧੁਨਿਕ ਯੁੱਗ ਵਿੱਚ ਵੀ ਪੰਜਾਬ ਨੂੰ ਬੁਨਿਆਦੀ ਮਸਲਿਆਂ ਨੇ ਘੇਰਿਆ ਹੋਇਅਾ ਹੈ। ਪਿੰਡਾਂ ਦੇ ਛੱਪਡ਼ਾਂ, ਪੀਣ ਵਾਲੇ ਗੰਧਲੇ ਪਾਣੀ, ਕੂਡ਼ੇ ਦੀ ਸਾਂਭ, ਸਕੂਲਾਂ ਤੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ, ਸਡ਼ਕਾਂ ਦੀ ਮੁਰੰਮਤ, ਬੇਲਗਾਮ ਹੋਏ ਉਦਯੋਗਾਂ ਦੇ ਕੈਮੀਕਲ ਤਰਲ ਪਦਾਰਥਾਂ, ਅਾਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਆਦਿ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਅੱਜ ਹੀ ਉਵੇਂ ਹੀ ਹਨ।
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਮਾਪਤ ਹੋਏ ਬਜਟ ਸੈਸ਼ਨ ਦੌਰਾਨ ਬਹੁਤੇ ਵਿਧਾਇਕ ਆਪੋ-ਆਪਣੇ ਹਲਕੇ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਉਠਾਉਣ ਤੱਕ ਹੀ ਸੀਮਿਤ ਰਹੇ। ਇਸ ਤੋਂ ਪਤਾ ਲੱਗਦਾ ਹੈ ਕਿ ਅਜੇ ਪੰਜਾਬ ਵਿੱਚ ਅਜਿਹੇ ਛੋਟੇ-ਮੋਟੇ ਮੁੱਦੇ ਹੀ ਲੋਕਾਂ ਲਈ ਮੁਸੀਬਤ ਬਣੇ ਪਏ ਹਨ। ਪੰਜਾਬ ਨੂੰ ਦਰਪੇਸ਼ ਗੰਭੀਰ ਮੁੱਦੇ ਜਿਵੇਂ ਬੇਰੁਜ਼ਗਾਰੀ, ਡਰੱਗ, ਵਿੱਤੀ ਸੰਕਟ, ਅਮਨ ਤੇ ਕਾਨੂੰਨ, ਭ੍ਰਿਸ਼ਟਾਚਾਰ, ਧਰਤੀ ਹੇਠਾਂ ਡੂੰਘੇ ਤੇ ਜ਼ਹਿਰੀਲੇ ਹੋ ਰਹੇ ਪਾਣੀ, ਟਰੈਫਿਕ ਦੀ ਸਮੱਸਿਆ ਤੇ ਹਾਦਸਿਆਂ ਵਿੱਚ ਰੋਜ਼ਾਨਾ ਵਿਆਪਕ ਪੱਧਰ ’ਤੇ ਜਾ ਰਹੀਆਂ ਕੀਮਤੀ ਜਾਨਾਂ, ਕੈਂਸਰ ਅਤੇ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਆਏ ਨਿਘਾਰ ਉਪਰ ਕੋਈ ਸੰਜੀਦਾ ਬਹਿਸ ਨਹੀਂ ਹੋ ਸਕੀ। ਜੇ ਕਿਸੇ ਵੇਲੇ ਵਿਧਾਨ ਸਭਾ ਵਿੱਚ ਗੰਭੀਰ ਮੁੱਦੇ ਉਠੇ ਵੀ ਹਨ ਤਾਂ ਉਹ ਗਾਲੀ-ਗਲੋਚ, ਮਿਹਣੋਂ-ਮਿਹਣੀ, ਬੋਲ-ਕੁਬੋਲ ਤੇ ਸ਼ਰੀਕੇਬਾਜ਼ੀ ਦੀ ਭੇਟ ਚਡ਼੍ਹ ਗਏ। ਬਜਟ ਸੈਸ਼ਨ ਦੌਰਾਨ ਵਿੱਤੀ ਅੰਕਡ਼ਿਆਂ ਦੀ ਥਾਂ ਬੋਲ-ਕੁਬੋਲ ਸੁਣਨ ਨੂੰ ਮਿਲੇ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਲਹਿਰਾ ਤੇ ਮੂਨਕ ਹਸਪਤਾਲ ਵਿੱਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਦਾ ਮੁੱਦਾ ਉਠਾਉਣਾ ਪਿਆ। ਵਿਧਾਇਕ ਨੱਥੂ ਰਾਮ ਨੇ ਜਿੱਥੇ ਹਲਕੇ ਬਲੂਆਣਾ ਦੇ ਪਿੰਡ ਧਰਮਪੁਰਾ ਦੇ ਪਾਣੀ ਦੀ ਸਪਲਾਈ ਲਈ ਵਾਟਰ ਵਰਕਸ ਦੀਆਂ ਨਾਕਸ ਪਾਈਪਾਂ ਦਾ ਮੱਦਾ ਉਠਾਇਆ, ਉਥੇ ਵਿਧਾਇਕ ਦਰਸ਼ਨ ਲਾਲ ਨੇ ਹਲਕਾ ਬਲਾਚੌਰ ਦੇ ਸਕੂਲਾਂ ਤੇ ਕਾਲਜਾਂ ਵਿੱਚ ਵੋਕੇਸ਼ਨਲ, ਸਾਇੰਸ ਤੇ ਕਾਮਰਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਅਰਜ਼ੋਈ ਕੀਤੀ। ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਨੇ ਇਸ ਹਲਕੇ ਦੇ ਧਰਤੀ ਹੇਠਲੇ ਨਾ-ਪੀਣਯੋਗ ਪਾਣੀ ਅਤੇ ਪਿੰਡ ਗੁਣਾਚੌਰ ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਉਠਾਇਆ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ  ਬਠਿੰਡਾ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਦਾ ਮੁੱਦਾ ਉਠਾਇਆ। ਹਲਕਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਹਲਕੇ ਦੇ ਕਈ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਉਠਾਇਆ। ਇਸੇ ਤਰ੍ਹਾਂ ਸੰਸਦ ਮੈਂਬਰ ਰਹੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਧੂਰੀ ਤੋਂ ਬਰਨਾਲਾ ਵਾਇਆ ਰਾਣੀਕੇ ਦੀ ਸਡ਼ਕ ਦੀ ਮੰਦੀ ਹਾਲਤ ਦਾ ਮਾਮਲਾ ਉਠਾਇਆ। ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਸਰੂਪਾ ਬਸਤੀ ਘੁੱਦਾ ਦੇ ਐਂਲੀਮੈਂਟਰੀ ਸਕੂਲ ਦੇ ਗੇਟ ਮੂਹਰਲੇ ਕੱਚੇ ਰਸਤੇ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਉਣਾ ਪਿਆ। ਵਿਧਾਇਕ ਜੈ ਕ੍ਰਿਸ਼ਨ ਰੋਡ਼ੀ ਨੂੰ ਗਡ਼੍ਹਸ਼ੰਕਰ ਤੋਂ ਨਵਾਂ ਸ਼ਹਿਰ ਵਾਲੀ ਸਡ਼ਕੀ ਦੀ ਮੰਦੀ ਹਾਲਤ ਅਤੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਪਿੰਡ ਬਲੌਂਗੀ ਲਾਈਟ ਪੁਆਇੰਟ ਤੋਂ ਪੀਸੀਐਲ ਲਾਈਟ ਪੁਆਇੰਟ ਵਾਲੀ ਸਡ਼ਕ ਦੀ ਖ਼ਸਤਾ ਹਾਲਤ ਸਦਨ ਵਿੱਚ ਬਿਆਨ ਕਰਨੀ ਪਈ। ਵਿਧਾਇਕ  ਗੁਰਕੀਰਤ ਸਿੰਘ ਕੋਟਲੀ, ਕੁਲਬੀਰ ਸਿੰਘ ਜ਼ੀਰਾ, ਸੰਗਤ ਸਿੰਘ ਗਿਲਚੀਆਂ, ਪਵਨ ਕੁਮਾਰ ਆਦੀਆ, ਸਤਕਾਰ ਕੌਰ, ਨਿਰਮਲ ਸਿੰਘ, ਵਿਧਾਇਕ ਅਮਿਤ ਵਿਜ, ਪਿਰਮਲ ਸਿੰਘ ਖ਼ਾਲਸਾ, ਹਰਮਿੰਦਰ ਸਿੰਘ ਗਿੱਲ, ਲਖਵੀਰ ਸਿੰਘ ਲੱਖਾ ਆਦਿ ਨੂੰ ਵੀ ਆਪਣੇ ਹਲਕਿਆਂ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵਿਧਾਨ ਸਭਾ ਵਿੱਚ ਦੱਸਣੀਆਂ ਪਈਆਂ। ਪ੍ਰਸ਼ਨ ਕਾਲ ਦਾ ਸਮਾਂ ਵੀ ਸੀਮਿਤ ਹੋਣ ਕਾਰਨ ਬਹੁਤੇ ਵਿਧਾਇਕਾਂ ਨੂੰ ਆਪਣੇ ਸਵਾਲਾਂ ਦਾ ਹਾਊਸ ਵਿੱਚ ਮੰਤਰੀਆਂ ਕੋਲੋਂ ਸਿੱਧਾ ਜਵਾਬ ਲੈਣ ਦਾ ਮੌਕਾ ਨਹੀਂ ਮਿਲਿਆ।
ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਪੂਰੇ ਬਜਟ ਸੈਸ਼ਨ ਦੌਰਾਨ ਸੂਬੇ ਦੇ ਹੋਰ ਅਹਿਮ ਮੁੱਦੇ ਸੰਜੀਦਾ ਚਰਚਾ ਦਾ ਹਿੱਸਾ ਨਹੀਂ ਬਣ ਸਕੇ। ਜਿੱਥੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਸਾਂਝੀਆਂ ਮੰਗਾਂ ਡੀਏ ਦੀਆਂ ਤਿੰਨ ਬਕਾਇਆ ਕਿਸ਼ਤਾਂ ਰਿਲੀਜ਼ ਕਰਨ, ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਲਦ ਰਿਲੀਜ਼ ਕਰਨ,  ਪੰਜਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ 125ਡੀਏ ਮੁਢਲੀ ਤਨਖ਼ਾਹ ਵਿੱਚ ਜੋਡ਼ ਕੇ ਅੰਤਰਿਮ ਸਹਾਇਤਾ ਦੀ ਦੂਜੀ ਕਿਸ਼ਤ ਦੇਣ, ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਰਿਲੀਜ਼ ਕਰਨ ਆਦਿ ਲਈ ਬਾਹਰ ਨਾਅਰੇ ਲਾਉਂਦੀਆਂ ਰਹੀਆਂ ਹਨ, ਪਰ ਵਿਧਾਨ ਸਭਾ ਵਿੱਚ ਹੁਕਮਰਾਨ ਧਿਰ ਸਮੇਤ ਵਿਰੋਧੀ ਧਿਰਾਂ ਨੇ ਇਨ੍ਹਾਂ ਮੰਗਾਂ ਦਾ ਜ਼ਿਕਰ ਤੱਕ ਨਹੀਂ ਕੀਤਾ।