ਚੰਡੀਗਡ਼੍ਹ, ਪੰਜਾਬ ਦੀਆਂ ਵਿਰੋਧੀਆਂ ਪਾਰਟੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਨੂੰ ਲੋਕਾਂ ਨਾਲ ਧੋਖਾ ਦੱਸਿਆ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਅਤੇ ਸਨਅਤਕਾਰਾਂ ਦੀਆਂ ਜਥੇਬੰਦੀਆਂ ਨੇ ਬਜਟ ਨੂੰ ਸਹੀ ਦਿਸ਼ਾ ਵਾਲਾ, ਵਿਕਾਸਮੁਖੀ ਤੇ ਸੰਤੁਲਤ ਦੱਸਿਆ ਹੈ ਪਰ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਵਿਗਡ਼ੀ ਹੋਈ ਵਿੱਤੀ ਹਾਲਤ ਦੇ ਮੱਦੇਨਜ਼ਰ ਮਾਲੀ ਹਾਲਤ ਸੁਧਾਰਨ ਲਈ ਹੋਰ ਕਦਮ ਚੁੱਕਣ ਦੀ ਲੋਡ਼ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵੱਖ-ਵੱਖ ਸੈਕਟਰਾਂ ਦੇ ਵਿਕਾਸ ਉੱਤੇ ਕੇਂਦਰਤ ਹੈ ਤੇ ਬਜਟ ਸੂਬੇ ਨੂੰ ਉੱਚ ਵਿਕਾਸ ਦੇ ਰਾਹ ’ਤੇ ਤੋਰੇਗਾ। ਬਜਟ ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਵੇਗਾ। ਬਜਟ ਵਿਚ ਖੇਤੀਬਾਡ਼ੀ, ਉਦਯੋਗ, ਸਿਹਤ, ਸਿੱਖਿਆ, ਰੁਜ਼ਗਾਰ ਪੈਦਾ ਕਰਨ ਅਤੇ ਇਨ੍ਹਾਂ ਤੋਂ ਇਲਾਵਾ ਥੁਡ਼੍ਹਾਂ ਮਾਰੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਵਰਗੇ ਸਾਰੇ ਖੇਤਰਾਂ ’ਤੇ ਬਣਦਾ ਧਿਆਨ ਦਿੱਤਾ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹਰ ਵਿਭਾਗ ਨੂੰ ਲੋਡ਼ੀਂਦੇ ਫੰਡ ਮੁਹੱਈਆ ਕੀਤੇ ਗਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਇਸ ਬਜਟ ਵਿਚ 3020 ਕਰੋਡ਼ ਰੁਪਏ ਦਿੱਤੇ ਗਏ ਹਨ ਜਦੋਂ ਕਿ ਪਿਛਲੇ ਸਾਲ ਇਹ ਰਾਸ਼ੀ 1605 ਕਰੋਡ਼ ਰੁਪਏ ਸੀ। ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਨੂੰ ਰਾਹਤ ਦੇਣ ਲਈ ਇਸ ਬਜਟ ਵਿਚ 4250 ਕਰੋਡ਼ ਰੁਪਏ ਅਤੇ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਦੇਣ ਲਈ 6256 ਕਰੋਡ਼ ਰੁਪਏ ਰੱਖੇ ਗਏ ਹਨ।
ਸੀਨੀਅਰ ਕਿਸਾਨ ਆਗੂ ਭੁਪਿੰਦਰ ਸਾਂਬਰ ਨੇ ਕਿਹਾ ਕਿ ਰਾਜ ਸਰਕਾਰ ਨੇ ਵਾਅਦੇ ਮੁਤਾਬਕ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ ਤੇ ਕੇਵਲ ਫ਼ਸਲੀ ਕਰਜ਼ੇ ਦੀ ਮੁਆਫੀ ਤਕ ਹੀ ਸੀਮਤ ਕਰ ਲਿਆ ਹੈ। ਸਰਕਾਰ ਨੇ ਭਾਵੇਂ ਇਸ ਵਾਰ ਦੇ ਬਜਟ ਵਿਚ ਕਰਜ਼ਾ ਮੁਆਫੀ ਲਈ 4500 ਕਰੋਡ਼ ਰੱਖੇ ਹਨ ਪਰ ਇਸ ਨੇ ਨਾ ਕਰਜ਼ਾ ਮੁਆਫ ਕਰਨਾ ਹੈ ਤੇ ਨਾ ਹੀ ਕਿਸਾਨਾਂ ਨੂੰ ਵਾਜਬ ਭਾਅ ਦਿਵਾਉਣ ਤੇ ਦੇਣ ਲਈ ਕੁਝ ਕਰਨਾ ਹੈ। ਆਈ.ਡੀ.ਸੀ. ਦੇ ਡਾਇਰੈਕਟਰ ਡਾ. ਪ੍ਰਮੋਦ ਨੇ ਕਿਹਾ ਕਿ ਦੋ ਸੌ ਰੁਪਏ ਟੈਕਸ ਲਾਉਣ ਨਾਲ ਨੌਕਰੀਪੇਸ਼ਾ ਲੋਕਾਂ ਨੂੰ ਛੱਡ ਕੇ ਹੋਰ ਲੋਕ ਚੰਡੀਗਡ਼੍ਹ ਤੋਂ ਰਿਟਰਨਾਂ ਭਰਨੀਆਂ ਸ਼ੁਰੂ ਕਰ ਦੇਣਗੇ ਤੇ ਇਸ ਨਾਲ ਹੇਰਾਫੇਰੀ ਦਾ ਇਕ ਹੋਰ ਰਸਤਾ ਖੁੱਲ੍ਹ ਜਾਵੇਗਾ। ਪ੍ਰੋ. ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਸਰਕਾਰ ਨੂੰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਆਮਦਨ ਦੇ ਹੋਰ ਸਾਧਨ ਜੁਟਾਉਣ ਲਈ ਕਦਮ ਚੁੱਕਣੇ ਚਾਹੀਦੇ ਸਨ।
ਕਾਰੋਬਾਰੀ ਸੰਸਥਾਵਾਂ ਨੇ ਬਜਟ ਨੂੰ ਵਿਕਾਸਮੁਖੀ ਦੱਸਿਆ
ਪੀਐਚਡੀ ਆਫ ਚੈਂਬਰ ਐਡ ਇੰਡਸਟਰੀ ਪੰਜਾਬ ਦੇ ਪ੍ਰਧਾਨ ਆਰ.ਐਸ. ਸਚਦੇਵਾ ਨੇ ਕਿ ਬਜਟ ਵਿਕਾਸਮੁਖੀ ਹੈ ਪਰ ਹਰੇਕ ’ਤੇ ਦੋ ਸੌ ਰੁਪਏ ਮਹੀਨੇ ਟੈਕਸ ਲਾਉਣਾ ਜਾਇਜ਼ ਨਹੀਂ ਹੈ ਤੇ ਟੈਕਸ ਲਾਉਣ ਲਈ ਸਲੈਬ ਬਣਨੇ ਚਾਹੀਦੇ ਹਨ। ਸੀ.ਆਈ.ਆਈ.ਦੇ ਚੇਅਰਮੈਨ ਸਰਵਜੀਤ ਸਮਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੰਤੁਲਤ ਬਜਟ ਪੇਸ਼ ਕੀਤਾ ਹੈ ਪਰ ਤੇਜੀ ਨਾਲ ਸੂਬੇ ਸਿਰ ਵਧ ਰਿਹਾ ਕਰਜ਼ੇ ਦਾ ਬੋਝ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੋਕਲ ਪੁਆਇੰਟਾਂ ਨੂੰ ਨਵਿਆਉਣ ਦਾ ਕੰਮ ਕਰੇ ।