ਚੰਡੀਗੜ੍ਹ, 24 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਆ ਬੁਢਾਪਾ ਪੈਨਸ਼ਨ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਲਾਭਪਾਤਰੀਆਂ ਨੂੰ ਨਿਯਮਤ ਭੁਗਤਾਨ ਲਈ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਇਹ ਹਦਾਇਤਾਂ ਮੰਗਲਵਾਰ ਨੂੰ ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬਾਲ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਣ ਮਗਰੋਂ ਜਾਰੀ ਕੀਤੀਆਂ।
ਅਪਰੈਲ 2017 ਤੋਂ ਬਹੁਤ ਸਾਰੀਆਂ ਥਾਵਾਂ ’ਤੇ ਬੁਢਾਪਾ ਪੈਨਸ਼ਨ ਦਾ ਭੁਗਤਾਨ ਨਾ ਹੋਣ ’ਤੇ ਚਿੰਤਾ ਜ਼ਾਹਰ  ਕਰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਮਾਰਚ ਤੋਂ ਭੁਗਤਾਨ ਦੀ ਪ੍ਰਕਿਰਿਆ ਨਿਯਮਤ ਹੋ ਜਾਵੇਗੀ। ਉਨ੍ਹਾਂ 31 ਜਨਵਰੀ ਤੱਕ ਦਸੰਬਰ ਮਹੀਨੇ ਤੱਕ ਦਾ ਭੁਗਤਾਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨਾਂ ਦੇ ਬਕਾਏ ਸਬੰਧੀ ਹਰ ਮਹੀਨੇ ਸਰਕਾਰ ਸਿਰ 110 ਕਰੋੜ ਰੁਪਏ ਦੀ ਦੇਣਦਾਰੀ ਦਾ ਬੋਝ ਵੱਧਦਾ ਹੈ।
ਉਨ੍ਹਾਂ ਛੇਤੀ ਹੀ ਗੈ਼ਰਹਾਜ਼ਰ ਲਾਭਪਾਤਰੀਆਂ ਦੇ ਮਾਮਲੇ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਇਸ ਵੇਲੇ ਲਾਭਪਾਤਰੀਆਂ ਦੀ ਗਿਣਤੀ 16,24,269 ਹੈ ਜਦਕਿ ਪਹਿਲਾਂ 19,87,196 ਸੀ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ 93,521 (4.71 ਫੀਸਦੀ) ਮਾਮਲੇ ਆਯੋਗ ਸਨ, ਜਦਕਿ 1,96,478 ਹੋਰ ਮਾਮਲੇ ਗੈ਼ਰਹਾਜ਼ਰ ਮਾਮਲਿਆਂ ’ਚ ਸ਼ਾਮਲ ਹਨ। ਇਸ ਮੌਕੇ ਸਮਾਜਿਕ ਸੁਰੱਖਿਆ ਮੰਤਰੀ ਰਜ਼ੀਆ ਸੁਲਤਾਨਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।