ਸੰਗਰੂਰ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਮਸਤੂਆਣਾ ਸਾਹਿਬ ’ਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਬਣ ਰਹੇ ਗੁਰਦੁਆਰੇ ਦੀ ਦਿੱਖ ਬਦਲਣ ਲਈ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਾ ਲਾਗੂ ਨਾ ਕਰਵਾਇਆ ਗਿਆ ਤਾਂ ਉਹ ਅੰਮ੍ਰਿਤਸਰ ’ਚ ਐੱਸਜੀਪੀਸੀ ਦੇ ਮੁੱਖ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰਨਗੇ।
ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਫੱਗੂਵਾਲਾ ਨੇ ਦੋਸ਼ ਲਾਇਆ ਕਿ ਐੱਸਜੀਪੀਸੀ ਪ੍ਰਧਾਨ ਨੇ ਉਸ ਦਾ ਮਰਨ ਵਰਤ ਖਤਮ ਕਰਵਾ ਕੇ ਉਸ ਨਾਲ ਧੋਖਾ ਕੀਤਾ ਹੈ ਅਤੇ ਚਾਰ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਠੰਢੇ ਬਸਤੇ ਵਿੱਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ 20 ਜੂਨ 2009 ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪਰ 9 ਸਾਲ ਬੀਤਣ ਦੇ ਬਾਵਜੂਦ ਐੱਸਜੀਪੀਸੀ ਹੁਕਮਨਾਮਾ ਲਾਗੂ ਨਹੀਂ ਕਰਵਾ ਸਕੀ।
ਸ੍ਰੀ ਫੱਗੂਵਾਲਾ ਨੇ ਦੋਸ਼ ਲਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਗੁਰਦੁਆਰਾ ਬਣਾਉਣ ਪਿੱਛੇ ਆਰਐੱਸਐੱਸ ਦਾ ਹੱਥ ਹੈ ਜਿਸ ਦੀ ਸਾਜ਼ਿਸ਼ ਕਾਨਪੁਰ ਵਿੱਚ ਰਚੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਐਸਜੀਪੀਸੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਹੁਕਮਨਾਮਾ ਤੁਰੰਤ ਲਾਗੂ ਕਰਵਾਇਆ ਜਾਵੇ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਰਘਵਿੰਦਰ ਸਿੰਘ ਸੁਨਾਮ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਈਨਾ ਬਾਜਵਾ ਮੌਜੂਦ ਸਨ।
ਇਸ ਸਬੰਧੀ ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਚਾਰ ਮੈਂਬਰੀ ਕਮੇਟੀ ਵੱਲੋਂ ਪ੍ਰਾਪਤ ਹੋਈ ਜਾਂਚ ਰਿਪੋਰਟ ਮਗਰੋਂ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੂੰ ਹੁਕਮਨਾਮੇ ਅਨੁਸਾਰ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਆਖ ਦਿੱਤਾ ਹੈ। ਉਨ੍ਹਾਂ ਆਰਐੱਸਐੱਸ ਨਾਲ ਸਬੰਧਤ ਲਾਏ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ।