ਲੁਧਿਆਣਾ, 22 ਨਵੰਬਰ
ਇਥੇ ਸੂਫ਼ੀਆ ਚੌਕ ਨੇੜੇ ਕੱਲ੍ਹ ਧਮਾਕੇ ਬਾਅਦ ਢਹਿ-ਢੇਰੀ ਹੋਈ ਪਲਾਸਟਿਕ ਉਤਪਾਦ ਬਣਾਉਣ ਵਾਲੀ ਫੈਕਟਰੀ ’ਚ ਰਾਹਤ ਤੇ ਬਚਾਅ ਕਾਰਜ ਅੱਜ ਦੂਜੇ ਦਿਨ ਵੀ ਜਾਰੀ ਰਹੇ। ਇਸ ਹਾਦਸੇ ‘ਚ ਮੌਤਾਂ ਦੀ ਗਿਣਤੀ 13 ਹੋ ਗਈ ਹੈ। ਅਜੇ ਹੋਰ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ’ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਹਨ। ਇਸ ਹਾਦਸੇ ’ਚ ਫਾਇਰ ਅਫ਼ਸਰ ਸੈਮੂਅਲ ਗਿੱਲ, ਫਾਇਰਮੈਨ ਪੂਰਨ ਸਿੰਘ, ਰਾਜਨ ਸਿੰਘ, ਵਿਸ਼ਾਲ ਕੁਮਾਰ, ਪਾਲ ਟੈਕਸੀ ਸਰਵਿਸ ਦੇ ਮਾਲਕ ਇੰਦਰਪਾਲ ਸਿੰਘ, ਪਠਾਨਕੋਟ ‘ਚ ਤਾਇਨਾਤ ਚੀਫ ਸੈਨੇਟਰੀ ਅਫ਼ਸਰ ਤੇ ਦਲਿਤ ਆਗੂ ਲਛਮਣ ਦ੍ਰਾਵਿੜ, ਫੈਕਟਰੀ ਵਰਕਰ ਸੰਦੀਪ ਸਿੰਘ, ਬਲਦੇਵ ਰਾਜ, ਅਮਰਜੋਤ ਅਤੇ ਘਨ੍ਹੱਈਆ, ਫਾਇਰ ਅਫ਼ਸਰ ਰਾਜ ਕੁਮਾਰ ਦੀ ਮੌਤ ਹੋਈ ਹੈ। ਸ਼ਾਮ ਨੂੰ ਫਾਇਰ ਅਫ਼ਸਰ ਰਾਜਿੰਦਰ ਸ਼ਰਮਾ ਦਾ ਸਿਰ ਮਲਬੇ ‘ਚੋਂ ਮਿਲਿਆ ਹੈ। ਇਸ ਹੌਲਨਾਕ ਹਾਦਸੇ ਦੇ ਜ਼ਖ਼ਮੀਆਂ ਸੁਨੀਲ ਕੁਮਾਰ ਤੇ ਰੋਹਿਤ ਕੁਮਾਰ ਦਾ ਸੀਐਮਸੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੇ ਹੁਕਮ ਦਿੱਤੇ ਹਨ। ਫਾਇਰ ਬ੍ਰਿਗੇਡ ਅਫ਼ਸਰਾਂ ਨੇ ਅੱਜ ਦੱਸਿਆ ਕਿ ਪੰਜ-ਮੰਜ਼ਿਲਾ ਫੈਕਟਰੀ ’ਚ ਧਮਾਕਾ ਕੈਮੀਕਲ ਜਾਂ ਕਿਸੇ ਸਿਲੰਡਰ ਫਟਣ ਨਾਲ ਨਹੀਂ ਹੋਇਆ ਬਲਕਿ ਕੈਮੀਕਲ ’ਤੇ ਪਾਣੀ ਪੈਣ ਬਾਅਦ ਪਹਿਲੀ ਮੰਜ਼ਿਲ ‘ਤੇ ਬਣੇ ਭਾਫ਼ ਦੇ ਗੁਬਾਰ ਕਾਰਨ ਹੋਏ ਧਮਾਕੇ ’ਚ ਪੰਜ ਮੰਜ਼ਿਲਾਂ ਇਮਾਰਤ ਢਹਿ ਢੇਰੀ ਹੋਈ ਹੈ। ਫਾਇਰ ਬ੍ਰਿਗੇਡ ਅਫ਼ਸਰ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੀਡੀਓ ਦੇਖਣ ਅਤੇ ਹੋਰ ਤੱਥਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਫੈਕਟਰੀ ’ਚ ਪਏ ਪੈਟਰੋ ਕੈਮੀਕਲ ’ਤੇ ਪਾਣੀ ਪਾ ਕੇ ਇਕ ਵਾਰ ਤਾਂ ਅੱਗ ਬੁਝਾ ਦਿੱਤੀ ਪਰ ਪਹਿਲੀ ਮੰਜ਼ਿਲ ‘ਤੇ ਕੈਮੀਕਲ ਹੋਣ ਕਾਰਨ ਮੁੜ ਅੱਗ ਲੱਗ ਗਈ। ਕੈਮੀਕਲ ‘ਤੇ ਪਾਣੀ ਪੈਣ ਕਾਰਨ ਉਸ ਦੀ ਭਾਫ਼ ਬਣਦੀ ਰਹੀ। ਭਾਫ਼ ਕਾਰਨ ਪਹਿਲੀ ਮੰਜ਼ਿਲ ‘ਤੇ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਮੁਲਾਜ਼ਮ ਸੀਮਤ ਸਾਧਨਾਂ ਦੇ ਬਾਵਜੂਦ ਅੱਗ ਬੁਝਾਉਣ ਲਈ ਜੁਟੇ ਹੋਏ ਸਨ।
ਪਿਤਾ ਦੀ ਲਾਸ਼ ਦੇਖਦੇ ਟੁੱਟ ਗਿਆ ਫਾਇਰ ਕਰਮੀ ਦਾ ਹੌਂਸਲਾ
ਸੀਨੀਅਰ ਫਾਇਰ ਅਫ਼ਸਰ ਰਾਜ ਕੁਮਾਰ ਦੀ ਲਾਸ਼ ਦੇਖਦੇ ਹੀ ਉਸ ਦੇ ਫਾਇਰ ਕਰਮੀ ਲੜਕੇ ਸੰਨੀ ਦਾ ਹੌਂਸਲਾ ਟੁੱਟ ਗਿਆ। 30 ਘੰਟਿਆਂ ਤੋਂ ਲਗਾਤਾਰ ਮਲਬਾ ‘ਫਰੋਲ’ ਰਹੇ ਸੰਨੀ ਨੂੰ ਜਦੋਂ ਪਿਤਾ ਦੀ ਲਾਸ਼ ਮਿਲੀ ਤਾਂ ਉਸ ਦੀ ਧਾਹ ਨਿਕਲ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਤੁਰੰਤ ਸਿਵਲ ਹਸਪਤਾਲ ਭੇਜਿਆ ਗਿਆ। ਸੰਨੀ ਨੇ ਕੁਝ ਦੂਰੀ ‘ਤੇ ਖੜ੍ਹੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਪਿਤਾ ਜੀ ਨਹੀਂ ਰਹੇ। ਇਸ ਨਾਲ ਸਾਰਾ ਪਰਿਵਾਰ ਬੇਹਾਲ ਹੋ ਗਿਆ। ਦੱਸਣਯੋਗ ਹੈ ਕਿ ਰਾਜ ਕੁਮਾਰ ਦੀ ਲਾਸ਼ ਮਿਲਣ ਤੋਂ ਕੁਝ ਸਮਾਂ ਪਹਿਲਾਂ ਮਲਬੇ ‘ਚ ਫਸੇ ਵਿਅਕਤੀਆਂ ਦੇ ਪਰਿਵਾਰ ਬਚਾਅ ਕਾਰਜ ਹੌਲੀ ਚੱਲਣ ਦਾ ਦੋਸ਼ ਲਾ ਰਹੇ ਸਨ।