ਫਗਵਾੜਾ, 31 ਮਈ, ਇਥੇ ਪਿੰਡ ਚਾਚੋਕੀ ਵਿਖੇ ਇੱਕ 30 ਸਾਲਾ ਨੌਜਵਾਨ ਨੇ ਆਪਣੀ ਰਿਵਾਲਵਰ ਨਾਲ ਆਪਣੇ ਸਿਰ ’ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਿਸ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਅਰਬਨ ਅਸਟੇਟ ਚੌਕੀ ਦੇ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ ਦੇ ਮਾਤਾ-ਪਿਤਾ ਅਤੇ ਭਰਾ ਕੈਨੇਡਾ ’ਚ ਰਹਿੰਦੇ ਸਨ ਅਤੇ ਉਹ ਘਰ ’ਚ ਇਕੱਲਾ ਰਹਿੰਦਾ ਸੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਜਿਮ ’ਚ ਵੀ ਉਸ ਨੇ ਆਪਣੇ ਦੋਸਤਾਂ ਨੂੰ ਆਖਰੀ ਵਾਰ ਮਿਲਣ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਉਸ ਨੇ ਆਤਮਹੱਤਿਆ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਕੀਤੀ। ਉਸ ਦਾ ਪੇਜ ਕਰੀਬ 1 ਘੰਟਾ 8 ਮਿੰਟ ਲਾਈਵ ਰਿਹਾ। ਗੋਲੀ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਕੁੱਤੇ ਨੂੰ ਵੀ ਦੁੱਧ ਪਿਲਾਇਆ ਤੇ ਉਸ ਨੂੰ ਆਪਣਾ ਬੱਚਾ ਦੱਸਿਆ। ਲਾਈਵ ਦੇਖ ਕੇ ਉਸ ਦੇ ਦੋਸਤ ਅਤੇ ਮੁਹੱਲੇ ਵਾਲੇ ਜਦ ਉਸ ਦੇ ਘਰ ਪੁੱਜੇ ਤਾਂ ਉਹ ਗੋਲੀ ਮਾਰ ਚੁੱਕਾ ਸੀ। ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਨੌਜਵਾਨ ਕਾਂਗਰਸ ਪਾਰਟੀ ਨਾਲ ਸਬੰਧਤ ਸਾਬਕਾ ਪੰਚ ਵੀ ਰਹਿ ਚੁੱਕਾ ਹੈ।