ਬਠਿੰਡਾ, ਬਠਿੰਡਾ ਸ਼ਹਿਰ ਦੇ ਨੱਕ ਹੇਠ ਵਸੇ ਪਿੰਡ ਫੂਸ ਮੰਡੀ ਦਾ ਸਰਕਾਰੀ ਮਿਡਲ ਸਕੂਲ ਸਰਕਾਰੀ ਲਾਰਿਆਂ ਤੋਂ ਹਾਰ ਗਿਆ ਹੈ। ਸਕੂਲ ਦੇ ਵਿੱਚ ਲੱਗੇ ਨੀਂਹ ਪੱਥਰ ਮੁਤਾਬਕ ਤਾਂ ਇਹ ਹਾਈ ਸਕੂਲ ਹੈ ਪਰ ਐਜੂਕੇਸ਼ਨ ਮਹਿਕਮੇ ਦੇ ਕਾਗ਼ਜ਼ ਵਿੱਚ ਇਹ ਮਿਡਲ ਸਕੂਲ ਹੈ।
ਪਿੰਡ ਦੇ ਇਸ ਸਕੂਲ ਨੂੰ ਮਿਡਲ ਤੋਂ ਅੱਪਗ੍ਰੇਡ ਕਰਨ ਦਾ ਨੀਂਹ ਪੱਥਰ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ 24 ਦਸੰਬਰ 2016 ਪੰਜਾਬ ਵਿੱਚ ਬਾਦਲ ਪਰਿਵਾਰ ਦੀ ਵਜਾਰਤ ਹੁੰਦਿਆਂ ਨੀਹ ਪੱਥਰ ਰੱਖਿਆ ਗਿਆ ਸੀ। ਇਸ ਨੀਂਹ ਪੱਥਰ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਉਕਰਿਆ ਹੋਇਆ ਹੈ ਪਰ ਹੁਣ ਇਹ ਨੀਂਹ ਪੱਥਰ ਸਿਰਫ ਐਜੂਕੇਸ਼ਨ ਮਹਿਕਮੇ ਦਾ ਮੂੰਹ ਚੜਾ ਰਿਹਾ ਹੈ। ਬਹੁਜਨ ਮੁਕਤੀ ਪਾਰਟੀ ਦੇ ਆਗੂ ਜਗਸੀਰ ਸਿੰਘ ਨੇ ਤਤਕਾਲੀ ਅਕਾਲੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਗਿਲਾ ਜਾਹਿਰ ਕਰਦਿਆਂ ਕਿਹਾ ਕਿ ਸਕੂਲ ਵਿੱਚ ਅਪਗ੍ਰੇਡ ਦੇ ਨੀਂਹ ਪੱਥਰ ਸਿਰਫ਼ ਵੋਟਾਂ ਬਟੋਰਨ ਖਾਤਰ ਰੱਖੇ ਜਾਂਦੇ ਹਨ। ਹੁਣ ਕਾਂਗਰਸ ਸਰਕਾਰ ਇਸ ਰਸਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਕੁੜੀਆਂ ਨੂੰ ਅਗਲੇਰੀ ਪੜਾਈ ਲਈ 4 ਕਿਲੋਮੀਟਰ ਗੁਲਾਬਗੜ੍ਹ ਜਾਣਾ ਪੈਂਦਾ ਹੈ। ਸਕੂਲ ਵਿੱਚ ਡਰਾਇੰਗ ਟੀਚਰ, ਪੀਅਨ, ਸਵੀਪਰ, ਰਾਤ ਦਾ ਚੌਕੀਦਾਰ ਵੀ ਨਹੀਂ ਹੈ। ਪਿੰਡ ਵਾਸੀਆ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਵਾਅਦੇ ਮੁਤਾਬਕ ਸਕੂਲ ਨੂੰ ਅੱਪਗ੍ਰੇਡ ਕਰਕੇ ਮਿਡਲ ਤੋਂ ਹਾਈ ਸਕੂਲ ਬਣਾਇਆ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।