ਨਵੀਂ ਦਿੱਲੀ, 14 ਜਨਵਰੀ
ਆਮ ਆਦਮੀ ਪਾਰਟੀ ਦੇ ਆਗੂ ਐਚ ਐਸ ਫੂਲਕਾ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਈ ਕਾਨੂੰਨੀ ਲੜਾਈ ਲੜਨ ਬਦਲੇ ਅੱਜ ਕੇਂਦਰੀ ਮੰਤਰੀ ਵਿਜੈ ਗੋਇਲ ਵਲੋਂ ਕਰਵਾਏ ਗਏ ਇਕ ਸਮਾਗਮ ਵਿਚ ਸਨਮਾਨਿਆ ਗਿਆ। ਇਸ ਮੌਕੇ ਸ੍ਰੀ ਗੋਇਲ ਨੇ ਸ੍ਰੀ ਫੂਲਕਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਜਪਾ ਦੇ ਦਰਵਾਜ਼ੇ ਸਾਰੇ ‘ਚੰਗੇ ਬੰਦਿਆਂ’ ਲਈ ਖੁੱਲ੍ਹੇ ਹਨ। ਸ੍ਰੀ ਫੂਲਕਾ ਇਹ ਤਾਂ ਮੰਨਦੇ ਰਹੇ ਹਨ ਕਿ ਉਹ ਭਾਜਪਾ ਦੇ ਕਈ ਆਗੂਆਂ ਦੇ ਕਰੀਬ ਹਨ ਪਰ ਉਨ੍ਹਾਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ‘‘ ਭਾਜਪਾ ਨੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਸਾਡੀ ਲੜਾਈ ਵਿਚ ਹਮੇਸ਼ਾਂ ਸਾਡਾ ਸਾਥ ਦਿੱਤਾ ਹੈ। ਮੈਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਦਾ ਰਿਹਾ ਹਾਂ ਤੇ ਉਹ ਇਸ ਬਾਰੇ ਮੇਰੇ ਸਟੈਂਡ ਦੀ ਹਮਾਇਤ ਕਰਦੇ ਰਹੇ ਹਨ।’’ ਉਂਝ, ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਸ੍ਰੀ ਫੂਲਕਾ ਨੇ ਕਿਹਾ ‘‘ ਮੈਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਿਹਾ।’’
ਸ੍ਰੀ ਗੋਇਲ ਨੇ ਆਖਿਆ ਕਿ ਫੂਲਕਾ ਵਧੀਆ ਬੰਦੇ ਹਨ ਅਤੇ ਉਨ੍ਹਾਂ ਦੇ ਦੋਸਤ ਵੀ ਹਨ ਤੇ ਜਿਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਲੜਾਈ ਲੜੀ ਹੈ। ਉਨ੍ਹਾਂ ਕਿਹਾ ‘‘ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਉਹ ‘ਆਪ’ ਨਾਲ ਜੁੜੇ ਹੋਏ ਸਨ। ਉਹ ਵਧੀਆ ਬੰਦੇ ਹਨ ਅਤੇ ਚੰਗਾ ਕੰਮ ਕਰਦੇ ਹਨ। ਇਸੇ ਕਰ ਕੇ ਅਸੀਂ ਉਨ੍ਹਾਂ ਦਾ ਸਨਮਾਨ ਕਰ ਰਹੇ ਹਾਂ। ਲੋਕ ਮੈਥੋਂ ਪੁੱਛਦੇ ਹਨ ਕਿ ਕੀ ਉਹ ਮੇਰੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ ਵਿਚ ਸਾਰੇ ਚੰਗੇ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਸ੍ਰੀ ਫੂਲਕਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਬਿਨਾਂ ਕੋਈ ਕਾਰਨ ਦੱਸਿਆਂ ‘ਆਪ’ ਤੋਂ ਅਸਤੀਫ਼ਾ ਦਿੱਤਾ ਸੀ। ਲੰਘੀ 4 ਜਨਵਰੀ ਨੂੰ ਉਹ ਸ੍ਰੀ ਗੋਇਲ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਮਿਲੇ ਸਨ ਜਿਸ ਦਿਨ ਤੋਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਭਾਜਪਾ ਵਿਚ ਜਾ ਰਹੇ ਹਨ। ਸ੍ਰੀ ਗੋਇਲ ਨੇ ਸ੍ਰੀ ਫੂਲਕਾ ਦੇ ਆਪ ਤੋਂ ਅਸਤੀਫ਼ੇ ਬਾਰੇ ਕਿਹਾ ਸੀ ‘‘ ਉਨ੍ਹਾਂ ਹਾਲ ਹੀ ਵਿਚ ਆਪ ਛੱਡ ਦਿੱਤੀ ਹੈ। ਦੇਰ ਨਾਲ ਹੀ ਸਹੀ, ਉਨ੍ਹਾਂ ਸਹੀ ਫ਼ੈਸਲਾ ਕੀਤਾ ਹੈ। ਸ੍ਰੀ ਫੂਲਕਾ ਨੇ ਪਿਛਲੀ ਦਿਨੀਂ ਇਕ ਗੈਰ ਸਿਆਸੀ ਜਥੇਬੰਦੀ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਪੰਜਾਬ ਵਿਚ ਬਾਦਲਾਂ ਦੇ ਅਕਾਲੀ ਦਲ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ।